ਨਸ਼ਿਆਂ ਖ਼ਿਲਾਫ਼ “ਯੁੱਧ” ਦੇ ਦਾਅਵਿਆਂ ਵਿਚਕਾਰ ਇਕ ਹੋਰ ਨੌਜਵਾਨ ਦੀ ਮੌਤ — ਸਰਕਾਰ ਦੇ ਦਾਅਵਿਆਂ ‘ਤੇ ਉਠੇ ਸਵਾਲ

ਮ੍ਰਿਤਕ ਸੁਖਪ੍ਰੀਤ ਸਿੰਘ ਦੀ ਫਾਈਲ ਫੋਟੋ
ਹੰਡਿਆਇਆ-21ਫਰਵਰੀ-(ਰਾਕੇਸ਼ ਜੇਠੀ)- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਨਸ਼ਿਆਂ ਦੀ ਮਾਰ ਲਗਾਤਾਰ ਨੌਜਵਾਨ ਜ਼ਿੰਦਗੀਆਂ ਨੂੰ ਨਿਗਲ ਰਹੀ ਹੈ। ਤਾਜ਼ਾ ਮਾਮਲੇ ਵਿੱਚ ਹੰਡਿਆਇਆ ਵਾਸੀ 17 ਸਾਲਾ ਨੌਜਵਾਨ ਸੁਖਪ੍ਰੀਤ ਸਿੰਘ ਪੁੱਤਰ ਮੋਹਨ ਸਿੰਘ ਦੀ ਲਵਾਰਿਸ ਹਾਲਤ ਵਿੱਚ ਮਿਲੀ ਲਾਸ਼ ਨੇ ਇਲਾਕੇ ਵਿੱਚ ਸੋਗ ਅਤੇ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਸੁਖਪ੍ਰੀਤ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੀ ਭੈਣ ਅਤੇ ਜੀਜੇ ਕੋਲ ਰਹਿੰਦਾ ਸੀ। ਉਸ ਨੇ ਪੜ੍ਹਾਈ ਵੀ ਹੰਡਿਆਇਆ ਵਿੱਚ ਹੀ ਕੀਤੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਬੁਰੀ ਸੰਗਤ ਕਾਰਨ ਉਹ ਨਸ਼ਿਆਂ ਦਾ ਆਦੀ ਬਣ ਗਿਆ ਸੀ। ਸੁਖਪ੍ਰੀਤ ਸਿੰਘ 18 ਫਰਵਰੀ ਤੋਂ ਘਰੋਂ ਗਾਇਬ ਸੀ।
20 ਫਰਵਰੀ ਨੂੰ ਪੁਲਿਸ ਵੱਲੋਂ ਲਾਸ਼ ਦੀ ਪਛਾਣ ਲਈ ਜਾਰੀ ਕੀਤੀ ਖਬਰ ਵਿੱਚ ਫੋਟੋ ਵੇਖ ਕੇ ਪੁਲਿਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਪਹਿਚਾਣ ਸੁਖਪ੍ਰੀਤ ਸਿੰਘ ਵਜੋਂ ਕੀਤੀ। ਪੁਲਿਸ ਦੇ ਅਨੁਸਾਰ ਉਹਨਾਂ ਨੂੰ ਇਹ ਡੈਡਬਾਡੀ ਹੰਡਿਆਇਆ ਰੇਲਵੇ ਸਟੇਸ਼ਨ ਅਤੇ ਬਰਨਾਲਾ ਰੇਲਵੇ ਸਟੇਸ਼ਨ ਦੇ ਵਿਚਕਾਰ ਲਾਈਨਾਂ ਕੋਲ ਮਿਲੀ ਸੀ। 21 ਫਰਵਰੀ ਨੂੰ ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ, ਜਿਸ ਦਾ ਦੁਖੀ ਮਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਧਿਆਨਯੋਗ ਗੱਲ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਹੰਡਿਆਇਆ ਦੇ ਹੀ ਇੱਕ ਹੋਰ ਨਸ਼ੇ ਦੇ ਆਦੀ ਨੌਜਵਾਨ ਨੌਜਵਾਨ ਬੂਟਾ ਸਿੰਘ ਪੁੱਤਰ ਸ਼ੇਰ ਸਿੰਘ ਦੀ ਲਾਸ਼ ਬਰਨਾਲਾ ਦੀ ਦਾਣਾ ਮੰਡੀ ਵਿੱਚੋਂ ਮਿਲੀ ਸੀ। ਲਗਾਤਾਰ ਸਾਹਮਣੇ ਆ ਰਹੀਆਂ ਐਹੋ ਜਿਹੀਆਂ ਘਟਨਾਵਾਂ ਨੇ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਗੁੱਸਾ ਦੋਵੇਂ ਪੈਦਾ ਕਰ ਦਿੱਤੇ ਹਨ।
ਅਖਿਲੇਸ਼ ਸ਼ਰਮਾ(ਜੋਨੀ), ਬੀਜੇਪੀ ਮੰਡਲ ਪ੍ਰਧਾਨ ਹੰਡਿਆਇਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਾਕਈ ਪ੍ਰਭਾਵਸ਼ਾਲੀ ਹੁੰਦੀ ਤਾਂ ਨੌਜਵਾਨ ਇਸ ਤਰ੍ਹਾਂ ਨਸ਼ਿਆਂ ਦੀ ਭੇਂਟ ਨਾ ਚੜ੍ਹਦੇ। ਉਹਨਾਂ ਨੇ ਦੋਸ਼ ਲਗਾਇਆ ਕਿ ਜ਼ਮੀਨੀ ਪੱਧਰ ‘ਤੇ ਨਾ ਤਾਂ ਨਸ਼ਿਆਂ ਦੀ ਸਪਲਾਈ ਰੁਕੀ ਹੈ ਅਤੇ ਨਾ ਹੀ ਪੀੜਤ ਪਰਿਵਾਰਾਂ ਲਈ ਕੋਈ ਢੰਗ ਦੀ ਪੁਨਰਵਾਸ ਸਹੂਲਤ ਮੌਜੂਦ ਹੈ।
ਇਲਾਕੇ ਦੇ ਬੁੱਧੀਜੀਵੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਰਫ਼ ਨਾਅਰੇਬਾਜ਼ੀ ਦੀ ਬਜਾਏ ਸਖ਼ਤ ਕਾਰਵਾਈ, ਡੀ-ਐਡਿਕਸ਼ਨ ਸੈਂਟਰਾਂ ਦੀ ਮਜ਼ਬੂਤੀ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ, ਤਾਂ ਜੋ ਹੋਰ ਘਰਾਂ ਦੇ ਚਿਰਾਗ ਇਸ ਤਰ੍ਹਾਂ ਨਾ ਬੁਝਣ। ਨਸ਼ਿਆਂ ਖ਼ਿਲਾਫ਼ ਜੰਗ ਦੇ ਦਾਅਵੇ ਇੱਕ ਪਾਸੇ — ਪਰ ਮੈਦਾਨ ਵਿੱਚ ਹਾਲਾਤ ਦੂਜੇ ਪਾਸੇ ਨਜ਼ਰ ਆ ਰਹੇ ਹਨ।

