ਬੀਹਲਾ ਸਬ-ਸੈਂਟਰ ਦੀ ਬਦਹਾਲੀ: ਸਿਹਤ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ, ਮੁਹੱਲਾ ਕਲੀਨਿਕ, ਲੈਬ ਤੇ ਸਟਾਫ਼ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

ਬਦਲਾਅ ਦੇ ਨਾਂ ਤੇ ਸਿਰਫ਼ ਇਸ਼ਤਿਹਾਰਬਾਜ਼ੀ, ਹਕੀਕਤਚ ਮਰੀਜ਼ ਹੋ ਰਹੇ ਖ਼ੁਆਰ
ਨਿੱਜੀ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਨੇ ਗਰੀਬ ਪਰਿਵਾਰ
ਮਹਿਲ ਕਲਾਂ\ਬਰਨਾਲਾ, 21 ਫਰਵਰੀ (ਰਾਕੇਸ਼ ਜੇਠੀ): ਪੰਜਾਬ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਵਲੋਂ ਸੂਬੇ ’ਚ ਸਿਹਤ ਕ੍ਰਾਂਤੀ ਲਿਆਉਣ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਜ਼ਮੀਨੀ ਪੱਧਰ ਤੇ ਖੋਖਲੇ ਸਾਬਤ ਹੋ ਰਹੇ ਹਨ। ਜ਼ਿਲ੍ਹਾ ਬਰਨਾਲਾ ਦੇ ਪਿੰਡ ਬੀਹਲਾ ’ਚ ਸਿਹਤ ਸਹੂਲਤਾਂ ਦੀ ਮਾੜੀ ਹਾਲਤ ਨੂੰ ਲੈ ਕੇ ਲੋਕਾਂ ਦਾ ਗੁੱਸਾ ਫੁੱਟ ਪਿਆ। ਭਾਈ ਲਾਲੋ ਪੰਜਾਬੀ ਮੰਚ ਦੇ ਸੀਨੀਅਰ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਇਕੱਠੇ ਹੋਏ ਸੈਂਕੜੇ ਪਿੰਡ ਵਾਸੀਆਂ ਨੇ ਸਰਕਾਰ ਦੀ ਨਾਕਾਮੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਸਬ-ਸੈਂਟਰ ਦੀ ਖਸਤਾ ਹਾਲਤ ਦਾ ਰੋਣਾ ਰੋਇਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਖਿਆਲੀ ਨੇ ਸੱਤਾਧਾਰੀ ਧਿਰਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਆਪ ਸਰਕਾਰ ਇਮਾਨਦਾਰੀ ਤੇ ਬਦਲਾਅ ਦਾ ਢੰਡੋਰਾ ਪਿੱਟ ਕੇ ਸੱਤਾ ’ਚ ਆਈ ਸੀ। ਪਰ ਅੱਜ ਪਿੰਡਾਂ ਦੇ ਹਸਪਤਾਲ ਖ਼ੁਦ ਬਿਮਾਰ ਪਏ ਹਨ। ਉਨ੍ਹਾਂ ਕਿਹਾ ਕਿ ਕਰੀਬ 6 ਸਾਲਾਂ ਤੋਂ ਬੀਹਲਾ ਸਬ-ਸੈਂਟਰ ’ਚ ਡਾਕਟਰਾਂ ਤੇ ਸਹਾਇਕ ਸਟਾਫ਼ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰ ਵਲੋਂ ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ਦੇ ਪ੍ਰਚਾਰ ਹੇਠ ਪੁਰਾਣੇ ਸਿਹਤ ਕੇਂਦਰਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ ਹੈ। ਜਿਸ ਕਾਰਨ 5 ਹਜ਼ਾਰ ਦੀ ਆਬਾਦੀ ਵਾਲਾ ਇਹ ਪਿੰਡ ਮੁੱਢਲੀ ਮੈਡੀਕਲ ਸਹਾਇਤਾ ਲਈ ਵੀ ਤਰਸ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰੀ ਤੰਤਰ ਦੀ ਨਾਕਾਮੀ ਕਾਰਨ ਮਾਮੂਲੀ ਬਿਮਾਰੀ ਦੇ ਇਲਾਜ ਲਈ ਵੀ ਉਨ੍ਹਾਂ ਨੂੰ ਬਰਨਾਲਾ ਜਾਂ ਲੁਧਿਆਣਾ ਦੇ ਮਹਿੰਗੇ ਨਿੱਜੀ ਹਸਪਤਾਲਾਂ ’ਚ ਜਾਣਾ ਪੈਂਦਾ ਹੈ। ਇਸ ਨਾਲ ਲੋੜਵੰਦ ਪਰਿਵਾਰਾਂ ਤੇ ਭਾਰੀ ਆਰਥਿਕ ਬੋਝ ਪੈ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਸਬ-ਸੈਂਟਰ ਦੀ ਇਮਾਰਤ ਖੰਡਰ ਬਣ ਚੁੱਕੀ ਹੈ। ਨਾ ਉੱਥੇ ਲੈਬ ਟੈਸਟਾਂ ਦੀ ਸਹੂਲਤ ਹੈ ਤੇ ਨਾ ਹੀ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ। ਲੋਕਾਂ ਨੇ ਸਵਾਲ ਕੀਤਾ ਕਿ ਜੇਕਰ ਪਿੰਡਾਂ ’ਚ ਡਾਕਟਰ ਹੀ ਨਹੀਂ ਹਨ ਤਾਂ ਸਰਕਾਰ ਕਿਸਸਿਹਤ ਕ੍ਰਾਂਤੀ ਦੀ ਗੱਲ ਕਰ ਰਹੀ ਹੈ? ਇਸ ਮੌਕੇ ਭੋਲਾ ਸਿੰਘ ਬੀਹਲਾ, ਗਿਆਨੀ ਸੁਰਜੀਤ ਸਿੰਘ ਮਹਿਲ ਕਲਾਂ, ਅਮਰੀਕ ਸਿੰਘ, ਸਤਨਾਮ ਸਿੰਘ, ਊਧਮ ਸਿੰਘ, ਤੋਤਾ ਸਿੰਘ, ਲਖਬੀਰ ਸਿੰਘ, ਮਨਜੀਤ ਸਿੰਘ, ਜੋਗਿੰਦਰ ਸਿੰਘ, ਧਨਵਿੰਦਰ ਸਿੰਘ, ਜਗਸੀਰ ਸਿੰਘ, ਅਰਸ਼ਦੀਪ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
—ਵਿਧਾਇਕ ਤੇ ਮੰਤਰੀਆਂ ਨੂੰ ਦਿੱਤੇ ਮੰਗ ਪੱਤਰ ਰਹੇ ਬੇਅਸਰ
ਸਰਪੰਚ ਸਰਬਜੀਤ ਕੌਰ ਤੇ ਸਾਬਕਾ ਸਰਪੰਚ ਕਿਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਕਈ ਵਾਰ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਪਰ ਹਾਲੇ ਤਕ ਸਿਰਫ਼ ਭਰੋਸੇ ਹੀ ਮਿਲੇ ਹਨ। ਜੇਕਰ ਇਸ ਸੈਂਟਰ ਨੂੰ ਅਪਗ੍ਰੇਡ ਕਰਕੇ ਆਮ ਆਦਮੀ ਕਲੀਨਿਕ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਬੀਹਲਾ ਸਮੇਤ ਗਹਿਲ, ਨਰਾਇਣਗੜ੍ਹ, ਸੋਹੀਆ, ਦੀਵਾਨਾ ਤੇ ਬੀਹਲਾ ਖੁਰਦ ਵਰਗੇ ਅੱਧੀ ਦਰਜਨ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲੇਗੀ।
—ਸੰਘਰਸ਼ ਨੂੰ ਤੇਜ਼ ਕਰਨ ਦੀ ਚਿਤਾਵਨੀ
ਆਗੂਆਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਡਾਕਟਰਾਂ ਦੀ ਭਰਤੀ ਨਾ ਕੀਤੀ ਗਈ ਤੇ ਸਬ-ਸੈਂਟਰ ਦੀ ਹਾਲਤ ਨਾ ਸੁਧਾਰੀ ਗਈ ਤਾਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਬਰਨਾਲਾ ਵਿਖੇ ਕੀਤੇ ਜਾਣ ਵਾਲੇ ਰੋਸ ਮਾਰਚ ਵਿਚ ਬੀਹਲਾ ਦੇ ਲੋਕ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦਾ ਭਾਂਡਾ ਚੌਰਾਹੇ ’ਚ ਭੰਨਣਗੇ।
