ਬਰਨਾਲਾ ’ਚ ਲੋਹੜੀ ਦੀ ਚੜ੍ਹਦੀ ਸਵੇਰ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਫਾਇਰੰਗ, 2 ਬਦਮਾਸ਼ ਕਾਬੂ

PrimekhabarPunjab Encounter

ਬਰਨਾਲਾ-13ਜਨਵਰੀ(ਰਾਕੇਸ਼ ਜੇਠੀ)-ਲੋਹੜੀ ਦੀ ਚੜ੍ਹਦੀ ਸਵੇਰ ਮੰਗਲਵਾਰ ਨੂੰ ਬਰਨਾਲਾ ਵਿਖੇ ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ ਹੋਇਆ। ਇਹ ਘਟਨਾ ਬਰਨਾਲਾ-ਰਾਏਕੋਟ ਨੈਸ਼ਨਲ ਹਾਈਵੇ ਤੇ ਸੰਘੇੜਾ ਪੁਲ ਕੋਲ ਵਾਪਰੀ। ਪੁਲਿਸ ਅਨੁਸਾਰ ਗੈਂਗਸਟਰ ਗਿਰੋਹ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ ’ਚ ਸੀ ਤੇ ਮੌਕੇ ਤੇ ਪੁਲਿਸ ਪਹੁੰਚ ਗਈ। ਜਿਥੇ ਗੈਂਗ ਨੇ ਪੁਲਿਸ ਤੇ ਵੀ ਫਾਇਰਿੰਗ ਕੀਤੀ। ਜਿਸਦੇ ਜਵਾਬ ’ਚ ਵੀ ਪੁਲਿਸ ਨੇ ਫਾਇਰਿੰਗ ਕੀਤੀ। ਇਸ ਦੌਰਾਨ ਗੈਂਗ ਇਕ ਮੈਂਬਰ ਦੇ ਲੱਤ ’ਚ ਗੋਲੀ ਵੱਜੀ ਤੇ ਇਕ ਗੋਲੀ ਪੁਲਿਸ ਦੀ ਗੱਡੀ ’ਤੇ ਲੱਗੀ ਹੈ। ਪੁਲਿਸ ਨੇ ਗੈਂਗ ਦੇ 2 ਮੈਂਬਰਾਂ ਨੂੰ 2 ਪਿਸਤੌਲ, ਖਾਲੀ ਕਾਰਤੂਸ ਤੇ ਜਿੰਦਾ ਕਾਰਤੂਸ ਸਮੇਤ 1 ਬਿਨਾਂ ਨੰਬਰੀ ਮੋਟਰਸਾਈਕਲ ਸਣੇ ਕਾਬੂ ਕਰ ਲਿਆ। ਇਹ ਗੈਂਗਸਟਰ ਗਿਰੋਹ ਵਲੋਂ ਕੁਝ ਦਿਨ ਪਹਿਲਾਂ ਬਰਨਾਲਾ ਵਿਖੇ ਇਕ ਘਰ ’ਚ ਗੋਲੀਆਂ ਚਲਾਉਣ ਦੀ ਘਟਨਾ ਨਾਲ ਜੁੜਿਆ ਹੋਇਆ ਸੀ। ਇਸ ਮਾਮਲੇ ਸਬੰਧੀ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੂੰ ਇਕ ਸੂਚਨਾ ਮਿਲੀ ਸੀ ਕਿ ਲੋਹੜੀ ਵਾਲੇ ਦਿਨ ਕੁਝ ਵਿਅਕਤੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਹਨ। ਜਿਸ ਨੂੰ ਲੈ ਕੇ ਬਰਨਾਲਾ ਪੁਲਿਸ ਤੇ ਸੀਆਈਏ ਸਟਾਫ ਬਰਨਾਲਾ ਵਲੋਂ ਸਾਂਝੇ ਤੌਰ ਤੇ ਸੰਘੇੜਾ ਪੁਲ ਕੋਲ ਛਾਪੇਮਾਰੀ ਕੀਤੀ ਗਈ। ਜਿਥੇ ਇਸ ਗੈਂਗ ਵਲੋਂ ਪੁਲਿਸ ਨੂੰ ਦੇਖਦੇ ਹੀ ਉਨ੍ਹਾਂ ਉੱਪਰ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਪੁਲਿਸ ਦੀ ਗੱਡੀ `ਤੇ ਵੀ ਗੋਲੀ ਵੱਜੀ, ਉੱਥੇ ਪੁਲਿਸ ਮੁਲਾਜ਼ਮ ਵਾਲ-ਵਾਲ ਬਚ ਗਏ। ਗੈਂਗ ਵਲੋਂ ਚਲਾਈਆਂ ਗਈਆਂ ਗੋਲੀਆਂ ਦਾ ਜਵਾਬੀ ਪੁਲਿਸ ਕਾਰਵਾਈ ਕਰਦਿਆਂ ਗੈਂਗ ਦੇ ਇਕ ਮੈਂਬਰ ਅਕਰਮ ਖ਼ਾਨ ਉਰਫ ਆਕੂ ਵਾਸੀ ਬਰਨਾਲਾ ਦੀ ਲੱਤ ’ਚ ਗੋਲੀ ਲੱਗੀ। ਉੱਥੇ ਉਸ ਦੇ ਸਾਥੀ ਪ੍ਰਦੀਪ ਸਿੰਘ ਦੀਪੂ ਵਾਸੀ ਬਰਨਾਲਾ ਨੂੰ ਕਾਬੂ ਕਰ ਲਿਆ ਗਿਆ। ਐਸਐਸਪੀ ਆਲਮ ਨੇ ਦੱਸਿਆ ਕਿ ਬਰਨਾਲਾ ’ਚ ਲੰਘੀ 11 ਜਨਵਰੀ ਨੂੰ ਗ੍ਰਿਫਤਾਰ ਕੀਤੇ ਗਏ ਅਕਰਮ ਖਾਨ ਉਰਫ਼ ਆਕੂ ਤੇ ਦੀਪੂ ਵਲੋਂ ਆਪਣੇ ਸਾਥੀਆਂ ਸਮੇਤ ਇਕ ਘਰ ਵਿਚ ਵੜ ਕੇ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਦੌਰਾਨ ਤਿੰਨ ਜਣੇ ਜ਼ਖ਼ਮੀ ਹੋਏ ਸਨ। ਜਿਸ ਨੂੰ ਲੈ ਕੇ ਪੁਲਿਸ ਵਲੋਂ ਇਨ੍ਹਾਂ ਦੀ ਵੱਖੋ ਵੱਖਰੀਆਂ ਟੀਮਾਂ ਰਾਹੀਂ ਭਾਲ ਕੀਤੀ ਜਾ ਰਹੀ ਸੀ। ਪੁਲਿਸ ਵਲੋਂ ਜਵਾਬੀ ਕਾਰਵਾਈ ’ਚ ਗ੍ਰਿਫ਼ਤਾਰ ਕੀਤੇ ਗਏ ਅਕਰਮ ਖਾਨ ਉਰਫ ਆਕੂ ਦੀ ਲੱਤ ’ਚ ਗੋਲੀ ਵੱਜੀ ਹੈ। ਜਿਸ ਖਿਲਾਫ ਪਹਿਲਾਂ ਵੀ ਇਰਾਦਾ ਕਤਲ, ਤਸਕਰੀ, ਸ਼ਰਾਬ ਤਸਕਰੀ ਸਮੇਤ ਕਈ ਮੁਕੱਦਮੇ ਦਰਜ ਹਨ। ਜੋ 2024 ’ਚ ਜ਼ੇਲ੍ਹ ’ਚੋਂ ਵਾਪਸ ਆਇਆ ਸੀ ਤੇ ਆਪਣਾ ਗੈਂਗ ਨੂੰ ਚਮਕਾਉਣ ਲਈ ਉਹ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਜਦਕਿ ਫੜੇ ਗਏ ਦੂਜੇ ਗੈਂਗ ਦੇ ਮੈਂਬਰ ਦੀਪੂ ਨੂੰ ਵੀ ਕਾਬੂ ਕੀਤਾ ਗਿਆ ਹੈ। ਜਿਸ ਖਿਲਾਫ ਤਸਕਰੀ ਦੇ ਮੁਕੱਦਮੇ ਦਰਜ ਹਨ। ਉਪਰੋਕਤ ਫੜੇ ਗਏ ਗੈਂਗ ਦੇ ਇਨ੍ਹਾਂ ਮੈਂਬਰਾਂ ਤੋਂ 2 ਪਿਸਟਲ, ਜਿੰਦਾ ਕਾਰਤੂਸ, ਖਾਲੀ ਕਾਰਤੂਸ ਤੇ ਇਕ ਬਿਨਾਂ ਨੰਬਰ ਹੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਜਿਨਾਂ ਨੂੰ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਜਿਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
—ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ
ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਪਿਛਲੇ ਦਿਨੀ ਬਰਨਾਲਾ ਦੇ ਸੰਧੂ ਪੱਤੀ ਵਿਖੇ ਘਰ ’ਚ ਚੱਲੀਆਂ ਗੋਲੀਆਂ ਨੂੰ ਲੈ ਕੇ ਇਹ ਦੋ ਗੁੱਟ ਸਨ। ਜਿਨ੍ਹਾਂ ’ਚੋਂ ਅਕਰਮ ਖਾਨ ਉਰਫ ਆਕੂ ਤੇ ਆਕਾਸ਼ਦੀਪ ਦੀ ਆਪਸੀ ਰੰਜ਼ਿਸ ਸੀ। 11 ਤਰੀਕ ਨੂੰ ਜਖ਼ਮੀ ਹੋਏ ਆਕਾਸ਼ਦੀਪ ਸਿੰਘ ਦਾ ਵੀ ਪਿਛੋਕੜ ਸਹੀ ਨਹੀਂ। ਜਿਸ ਖਿਲਾਫ਼ ਵੀ ਮੁਕੱਦਮੇ ਦਰਜ ਹਨ। ਐਸਐਸਪੀ ਆਲਮ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸਮਾਜ ਵਿਰੋਧੀ ਗਤੀਵਿਧੀਆਂ ਕਰੇਗਾ ਤਾਂ ਬਰਨਾਲਾ ਪੁਲਿਸ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

About The Author

You may have missed