ਪੁਲਿਸ ਤੋਂ ਨਹੀਂ ਡਰਦੇ ਬਦਮਾਸ਼: ਬਰਨਾਲਾ `ਚ ਪਹਿਲਾ ਘਰੇ ਵੜ ਕੇ ਤੇ ਬਾਅਦ ’ਚ ਰਾਹ ’ਚ ਘੇਰ ਕੇ ਪੁਲਿਸ ਮੁਲਾਜ਼ਮ ਦੇ ਪੁੱਤ ’ਤੇ ਫਾਇਰਿੰਗ, ਨੌਜਵਾਨ ਤੇ ਚਾਚਾ ਗੰਭੀਰ ਜਖਮੀ

IMG-20260112-WA0025.jpg

ਬਰਨਾਲਾ-12 ਜਨਵਰੀ(ਰਾਕੇਸ਼ ਜੇਠੀ)-ਬਰਨਾਲਾ ’ਚ ਗੋਲੀ ਚੱਲਣ ਨਾਲ ਕਾਨੂੰਨ ਵਿਵਸਥਾ ’ਤੇ ਸਵਾਲ ਵੀ ਖੜ੍ਹੇ ਹੋ ਰਹੇ ਹਨ ਤੇ ਸਵਾਲ ਖੜ੍ਹੇ ਕਰਨ ਵਾਲੇ ਵੀ ਪੁਲਿਸ ਮਹਿਕਮੇ ਦੇ ਹੀ ਮੁਲਾਜ਼ਮ ਹਨ। ਦਰਅਸਲ ਗੋਲੀਬਾਰੀ ਦੀ ਘਟਨਾ ’ਚ ਮਾਮਲਾ ਯੂਨੀਵਰਸਿਟੀ ਕਾਲਜ ਬਰਨਾਲਾ ਨੇੜੇ ਸੰਧੂ ਪੱਤੀ ਇਲਾਕੇ ਦਾ ਹੈ। ਜਿਥੇ ਪੁਰਾਣੀ ਰੰਜਿਸ਼ ਕਾਰਨ ਇਕ ਨੌਜਵਾਨ ’ਤੇ ਗੋਲੀਬਾਰੀ ਕਰ ਕੇ ਬਦਮਾਸ਼ ਫਰਾਰ ਹੋ ਗਏ। ਇਹ ਗੋਲੀਆਂ ਇਕ ਮਹਿਲਾ ਪੁਲਿਸ ਅਧਿਕਾਰੀ ਦੇ ਇਕਲੌਤੇ ਪੁੱਤਰ ’ਤੇ ਚਲਾਈਆਂ ਗਈਆਂ ਹਨ। ਸਰਕਾਰੀ ਹਸਪਤਾਲ ’ਚ ਰੋਂਦੇ ਹੋਏ ਪੀੜਤ ਦੀ ਮਾਂ ਸਰਬਜੀਤ ਕੌਰ ਨੇ ਗਲੋਬਲ ਖਬਰ ਨਾਲ ਗੱਲਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਘਰ ’ਚ ਸੌਂ ਰਹੀ ਸੀ। ਜਦੋਂ ਤਿੰਨ ਨੌਜਵਾਨ ਬਾਹਰੀ ਗੇਟ ਤੋੜ ਕੇ ਅੰਦਰ ਦਾਖਲ ਹੋਏ ਤੇ ਕਮਰੇ ’ਚ ਸੌਂ ਰਹੇ ਉਸਦੇ ਪੁੱਤਰ `ਤੇ ਗੋਲੀਆਂ ਚਲਾ ਦਿੱਤੀਆਂ। ਉਸ ਦਾ 22 ਸਾਲਾ ਪੁੱਤਰ ਆਕਾਸ਼ਦੀਪ ਗੰਭੀਰ ਜ਼ਖਮੀ ਹੋ ਗਿਆ। ਜਦੋਂ ਆਕਾਸ਼ਦੀਪ ਦਾ ਚਾਚਾ ਜ਼ਖਮੀ ਆਕਾਸ਼ਦੀਪ ਨੂੰ ਹਸਪਤਾਲ ਲੈ ਜਾ ਰਿਹਾ ਸੀ ਤਾਂ ਨਿਡਰ ਅਪਰਾਧੀਆਂ ਨੇ ਰਸਤੇ ’ਚ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਦੁਬਾਰਾ ਘੇਰ ਕੇ ਗੋਲੀਆਂ ਚਲਾ ਦਿੱਤੀਆਂ। ਆਕਾਸ਼ਦੀਪ ਦੇ ਚਾਚਾ ਮੱਖਣ ਸਿੰਘ ਦੇ ਹੱਥ ’ਚ ਦੋ ਗੋਲੀਆਂ ਲੱਗੀਆਂ। ਇਸ ਹਮਲੇ ਤੋਂ ਬਾਅਦ ਮਹਿਲਾ ਪੁਲਿਸ ਅਧਿਕਾਰੀ ਨੇ ਆਪਣੇ ਹੀ ਮਹਿਕਮੇ ਦੀ ਕਾਰਵਾਈ `ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਰੇ ਘਰ ’ਚ ਸੁੱਤੇ ਪਏ ਪੁੱਤ ਉੱਪਰ ਆਕੇ ਕੋਈ ਗੋਲੀਆਂ ਚਲਾ ਕੇ ਚਲਾ ਗਿਆ। ਇਸ ਦਾ ਕਾਰਨ ਪੁਲਿਸ ਦੀ ਨਲਾਇਕੀ ਹੈ ਕਿ ਬਦਮਾਸ਼ ਹੁਣ ਡਰਨੋਂ ਹਟ ਗਏ ਹਨ। ਮੇਰਾ ਪੁੱਤ ਤੇ ਮੇਰਾ ਦਿਓਰ ਜ਼ਖਮੀ ਹੈ। ਜੇਕਰ ਉਨ੍ਹਾਂ ਦੀ ਜਾਨ ਚਲੀ ਜਾਂਦੀ ਤਾਂ ਮੈਂ ਕੀ ਕਰਦੀ। ਦੱਸ ਦਈਏ ਕਿ ਪੀੜਤ ਔਰਤ ਸਰਬਜੀਤ ਕੌਰ ਨੇ ਹੰਝੂਆਂ ਭਰੇ ਲਹਿਜ਼ੇ ’ਚ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਧਮਕੀਆਂ ਮਿਲ ਰਹੀਆਂ ਸਨ ਤੇ ਉਸਨੇ ਕਈ ਵਾਰ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਪਰ ਕੋਈ ਹੱਲ ਨਹੀਂ ਨਿਕਲਿਆ। ਜਿਸ ਕਾਰਨ ਇਹ ਵੱਡਾ ਨੁਕਸਾਨ ਹੋਇਆ। ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਹਾਲਤ ਬਹੁਤ ਨਾਜ਼ੁਕ ਹੈ ਤੇ ਉਸ ਨੇ ਹਮਲਾਵਰਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
—ਗੋਲਾਬਾਰੀ ਦਾ ਕਾਰਨ ਪੁਰਾਣ ਝਗੜਾ : ਐੱਸਐੱਚਓ
ਐਸਐਚਓ ਚਰਨਜੀਤ ਸਿੰਘ ਨੇ ਦੱਸਿਆ ਕਿ ਕਿਸੇ ਪੁਰਾਣੇ ਝਗੜੇ ਕਾਰਨ ਦੂਜੀ ਧਿਰ ਨੇ ਘਰ ’ਚ ਦਾਖਲ ਹੋ ਕੇ ਗੋਲੀਬਾਰੀ ਕੀਤੀ। ਜਿਸ ਨਾਲ ਆਕਾਸ਼ਦੀਪ ਸਿੰਘ ਤੇ ਉਸ ਦੇ ਚਾਚਾ ਮੱਖਣ ਸਿੰਘ ਗੰਭੀਰ ਜ਼ਖਮੀ ਹੋ ਗਏ। ਇਕ ਹੋਰ ਗੋਲੀਬਾਰੀ ਦੀ ਘਟਨਾ ’ਚ ਅਰਵਿੰਦ ਕੁਮਾਰ ਵੀ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਬਰਨਾਲਾ ਦੇ ਹਸਪਤਾਲ ਲਿਆਂਦਾ ਗਿਆ। ਜਦਕਿ ਆਕਾਸ਼ਦੀਪ ਤੇ ਅਰਵਿੰਦ ਕੁਮਾਰ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਬਰਨਾਲਾ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ ਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
—ਮੰਗਲਵਾਰ ਨੂੰ ਹੋ ਸਕਦੀ ਹੈ ਪ੍ਰੈਸ ਕਾਨਫਰੰਸ
ਪੁਲਿਸ ਸੂਤਰਾਂ ਅਨੁਸਾਰ ਗੋਲਾਬਾਰੀ ਦੀ ਘਟਨਾ ਦੇ ਮਾਮਲੇ ਨੂੰ ਹੱਲ ਕਰਨ ਲਈ ਟੀਮਾਂ ਬਣਾਈਆਂ ਗਈਆਂ ਸਨ। ਜਿੰਨ੍ਹਾਂ ਨੇ ਬਦਮਾਸ਼ਾਂ ਨੂੰ ਆਪਣੀ ਗ੍ਰਿਫਤ ’ਚ ਲੈ ਲਿਆ ਹੈ ਤੇ ਮੰਗਲਵਾਰ ਸਵੇਰੇ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਵਲੋਂ ਇਸ ਦੇ ਪੂਰੇ ਖੁਲਾਸੇ ਸਬੰਧੀ ਪ੍ਰੈੱਸ ਕਾਨਫਰੰਸ ਕਰਨ ਦੀ ਸੰਭਾਵਨਾ ਹੈ। ਇਸ ਮਾਮਲੇ ਸਬੰਧੀ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਮਾਮਲੇ ਨੂੰ ਸੁਲਝਾਉਣ ਲਈ ਟੀਮਾਂ ਦਾ ਗਠਨ ਕੀਤਾ ਹੋਇਆ ਹੈ ਤੇ ਜਲਦ ਹੀ ਖੁਲਾਸਾ ਕਰਨਗੇ।

About The Author

You may have missed