ਗੁਲਾਬ ਸਿੱਧੂ ਨੂੰ ਮਾਰਨ ਦੀ ਸਾਜ਼ਿਸ਼ ਕਰਨ ਵਾਲਾ ਸਰਪੰਚ ਸਾਥੀਆਂ ਸਮੇਤ ਪੁਲਿਸ ਅੜਿਕੇ

ਬਰਨਾਲਾ -12ਜਨਵਰੀ(ਰਾਕੇਸ਼ ਜੇਠੀ)- ਮਸ਼ਹੂਰ ਪੰਜਾਬੀ ਸਿੰਗਰ ਗੁਲਾਬ ਸਿੱਧੂ ਨੂੰ ਕਤਲ ਕਰਨ ਦੀ ਪਲਾਨਿੰਗ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਤਹਿਤ ਬਰਨਾਲਾ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਹੋਰ ਮਾੜੇ ਅੰਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਵੱਡੀ ਹੋਈ ਹੈ। ਇਸ ਮੁਹਿੰਮ ਤਹਿਤ ਅਸ਼ੋਕ ਕੁਮਾਰ ਐਸਪੀਡੀ ਬਰਨਾਲਾ, ਸਤਬੀਰ ਸਿੰਘ ਬੈਂਸ ਡੀਐਸਪੀ, ਇੰਸਪੈਕਟਰ ਬਲਜੀਤ ਸਿੰਘ ਇਨਚਾਰਜ ਸੀਆਈ ਸਟਾਫ ਦੀ ਯੋਗ ਅਗਵਾਈ ਹੇਠ ਐਸਆਈ ਚਰਨਜੀਤ ਸਿੰਘ ਥਾਣਾ ਅਫਸਰ ਸਿਟੀ ਟੂ ਬਰਨਾਲਾ ਪਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਬਲਜਿੰਦਰ ਸਿੰਘ ਉਰਫ ਕਿੰਦਾ ਵਗੈਰਾ ਨੇ ਮਿਲ ਕੇ ਇੱਕ ਗਰੋਹ ਬਣਾਇਆ ਹੋਇਆ ਹੈ ਜੋ ਵਪਾਰੀਆਂ/ਸੈਲੀਬ੍ਰਿਟੀ ਆਦਿ ਤੋਂ ਫਰੌਤੀਆਂ ਲੈਣ ਦੇ ਆਦੀ ਹਨ।
ਜਿਨਾਂ ਦੇ ਖਿਲਾਫ ਪਹਿਲਾ ਤੋਂ ਹੀ ਕਾਫੀ ਮੁਕਦਮੇ ਦਰਜ ਹਨ। ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਆਪਣੇ ਸਾਥੀਆਂ ਨਾਲ ਮੋਗਾ ਬਰਨਾਲਾ ਬਾਈਪਾਸ ਕੋਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਬੈਠਾ ਹੈ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਲਜਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਨਜਾਇਜ਼ ਅਸਲੇ ਤੇ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਦੇ ਪਹਿਚਾਨ ਬਲਜਿੰਦਰ ਸਿੰਘ ਉਰਫ ਕਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਨੇੜੇ ਪੁਰਾਣਾ ਬੱਸ ਸਟੈਂਡ ਕੋਟਦੋਨਾਂ, ਬਲਵਿੰਦਰ ਸਿੰਘ ਉਰਫ ਬਿੰਦਰ ਮਾਨ ਪੁੱਤਰ ਬਲਦੇਵ ਸਿੰਘ ਵਾਸੀ ਮਾਨ ਬੁਲਟਰੀ ਫਾਰਮ ਕੋਟਦੋਨਾਂ, ਗੁਰਵਿੰਦਰ ਸਿੰਘ ਉਰਫ ਗਿੱਲ ਪੁੱਤਰ ਗੁਰਜੰਟ ਸਿੰਘ ਵਾਸੀ ਗਿੱਲਪੱਤੀ ਜੋਗਾ ਰੋਡ ਕੋਟਨਾ ਵਜੋਂ ਹੋਈ ਹੈ। ਜਿਨਾਂ ਕੋਲ ਇੱਕ ਦੇਸੀ ਪਿਸਤੌਲ 32 ਬੋਰ ਸਮੇਤ ਮੈਗਜੀਨ ਅਤੇ ਤਿੰਨ ਜਿੰਦਾ ਕਾਰਤੂਸ 32 ਬੋਰ, ਇੱਕ ਡਮੀ ਪਿਸਟਲ, ਚਾਰ ਮੋਬਾਈਲ ਫੋਨ, ਇਕ ਲੱਕੜ ਦੀ ਲਾਠੀ ਅਤੇ ਇੱਕ ਸਵਿਫਟ ਚਿੱਟੇ ਰੰਗ ਦੀ ਕਾਰ ਨੰਬਰ PB19N0758 ਬਰਾਮਦ ਕੀਤੀ ਗਈ।
ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮਸ਼ਹੂਰ ਪੰਜਾਬੀ ਸਿੰਗਰ ਗੁਲਾਬ ਸਿੰਘ ਸਿੱਧੂ ਵਾਸੀ ਫਰਵਾਹੇ ਨੇ ਸਰਪੰਚਾਂ ਦਾ ਨਾਂ ਲੈ ਕੇ ਗਾਣਾ ਗਾਇਆ ਸੀ। ਜਿਸ ਸਬੰਧੀ ਸਰਪੰਚ ਬਲਜਿੰਦਰ ਸਿੰਘ ਉਰਫ ਕਿੰਦਾ ਪਿੰਡ ਕੋਟ ਦੋਨਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੰਜਾਬੀ ਸਿੰਗਰ ਗੁਲਾਬ ਸਿੱਧੂ ਖਿਲਾਫ ਧਮਕੀ ਭਰੀ ਵੀਡੀਓ ਪਾਈ ਸੀ ਜੋ ਪੰਜਾਬੀ ਸਿੰਗਰ ਗੁਲਾਬ ਸਿੱਧੂ ਤੇ ਜਾਨਲੇਵਾ ਹਮਲਾ ਕਰਨ ਦੀ ਪਲਾਨਿੰਗ ਕਰ ਰਹੇ ਸਨ। ਜੋ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਆਪਣਾ ਨਾਮ ਕਮਾਉਣਾ ਚਾਹੁੰਦੇ ਸਨ ਅਤੇ ਇਸ ਘਟਨਾ ਉਪਰੰਤ ਹੋਰ ਸੈਲੀਬ੍ਰਿਟੀ ਅਤੇ ਵਪਾਰੀਆਂ ਤੇ ਆਪਣਾ ਦਬਦਬਾ ਬਣਾ ਕੇ ਉਹਨਾਂ ਕੋਲੋਂ ਫਿਰੋਤੀ ਦੀ ਮੰਗ ਕਰਕੇ ਮੋਟੀ ਰਕਮ ਹਾਸਲ ਕਰਨਾ ਚਾਹੁੰਦੇ ਸਨ।
