ਲੁਟੇਰਿਆਂ ਵਲੋਂ ਕੰਨਾਂ ਦੀਆਂ ਵਾਲੀਆਂ ਝਪਟਣ ਦਾ ਸਦਮਾ ਨਾ ਸਹਾਰ ਸਕੀ ਬਜ਼ੁਰਗ ਮਹਿਲਾ, ਮੌਤ; ਦੋ ਗ੍ਰਿਫ਼ਤਾਰ

ਬਰਨਾਲਾ- 30ਦਸੰਬਰ(ਰਾਕੇਸ਼ ਜੇਠੀ)- ਬਰਨਾਲਾ ਦੇ ਬੱਸ ਸਟੈਂਡ ਰੋਡ ਨੇੜੇ ਵਾਪਰੀ ਇਕ ਦਰਦਨਾਕ ਘਟਨਾ ’ਚ ਇਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਲੁਟੇਰਿਆਂ ਵਲੋਂ ਕੰਨਾਂ ਦੀਆਂ ਵਾਲੀਆਂ ਖੋਹੇ ਜਾਣ ਕਾਰਨ ਡੂੰਘੇ ਸਦਮੇ ’ਚ ਸੀ। ਜਿਸ ਕਾਰਨ ਅਗਲੇ ਹੀ ਦਿਨ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਇਸ ਮਾਮਲੇ ’ਚ ਮੁਸਤੈਦੀ ਦਿਖਾਉਂਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਤੇ ਵਾਲੀਆਂ ਬਰਾਮਦ ਕਰ ਲਈਆਂ ਹਨ। ਜਾਣਕਾਰੀ ਅਨੁਸਾਰ 27 ਦਸੰਬਰ ਨੂੰ ਬਰਨਾਲਾ ਦੇ ਬੱਸ ਸਟੈਂਡ ਰੋਡ ਦੀ ਰਹਿਣ ਵਾਲੀ ਨਿਰਮਲਾ ਦੇਵੀ ਪਤਨੀ ਲਛਮਣ ਦਾਸ ਪ੍ਰੇਮ ਪ੍ਰਧਾਨ ਮਾਰਕੀਟ ਨੇੜੇ ਸਬਜੀ ਲੈਣ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਲੁਟੇਰੇ ਜੋ ਕਾਫੀ ਸਮੇਂ ਤੋਂ ਉਸ ਦਾ ਪਿੱਛਾ ਕਰ ਰਹੇ ਸਨ, ਨੇ ਅਚਾਨਕ ਹਮਲਾ ਕਰਕੇ ਉਸ ਦੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਤੇ ਫ਼ਰਾਰ ਹੋ ਗਏ। ਮਹਿਲਾ ਦੇ ਪਤੀ ਲਛਮਣ ਦਾਸ ਨੇ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਨਿਰਮਲਾ ਦੇਵੀ ਬਹੁਤ ਜ਼ਿਆਦਾ ਡਰ ਗਈ ਸੀ ਤੇ ਡੂੰਘੇ ਮਾਨਸਿਕ ਸਦਮੇ ’ਚ ਚਲੀ ਗਈ ਸੀ। ਇਸੇ ਸਦਮੇ ਦੇ ਚੱਲਦਿਆਂ ਘਟਨਾ ਤੋਂ ਅਗਲੇ ਹੀ ਦਿਨ ਉਸ ਦੀ ਮੌਤ ਹੋ ਗਈ। ਪਰਿਵਾਰ ’ਚ ਇਸ ਵੇਲੇ ਮਾਤਮ ਦਾ ਮਾਹੌਲ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀਐੱਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ `ਤੇ ਪੁਲਿਸ ਨੇ ਤੁਰੰਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਟੀਮਾਂ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਦੋ ਮੁਲਜ਼ਮਾਂ ਗੁਰਪ੍ਰੀਤ ਸਿੰਘ ਨਿਵਾਸੀ ਤੇ ਗੁਰਦੀਪ ਸਿੰਘ ਵਾਸੀਅਨ ਖੁੱਡੀ ਕਲਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਤੇ ਬਜ਼ੁਰਗ ਮਹਿਲਾ ਦੇ ਕੰਨਾਂ ’ਚੋਂ ਝਪਟੀਆਂ ਗਈਆਂ ਸੋਨੇ ਦੀਆਂ ਵਾਲੀਆਂ ਵੀ ਬਰਾਮਦ ਕਰ ਲਈਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨੇ ਪਹਿਲਾਂ ਵੀ ਅਜਿਹੀਆਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
