ਪਿੰਡ ਟੱਲੇਵਾਲ ’ਚ ਦੋਹਰੀ ਮੌਤ ਨਾਲ ਸਨਸਨੀ: ਘਰ ਅੰਦਰੋਂ ਨੌਜਵਾਨ ਤੇ ਮੁਟਿਆਰ ਦੀਆਂ ਲਾਸ਼ਾਂ ਬਰਾਮਦ

PrimekhabarPunjab Tallewal

ਟੱਲੇਵਾਲ, 26 ਦਸੰਬਰ (ਰਾਕੇਸ਼ ਜੇਠੀ): ਬਰਨਾਲਾ ਜ਼ਿਲ੍ਹੇ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਟੱਲੇਵਾਲ ਵਿਖੇ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਇਕ ਘਰ ਦੇ ਕਮਰੇ ’ਚੋਂ ਇਕ ਨੌਜਵਾਨ ਤੇ ਇਕ ਮੁਟਿਆਰ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਅੱਗ ਵਾਂਗ ਫੈਲ ਗਈ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ (30 ਸਾਲ) ਦੀ ਲਾਸ਼ ਕਮਰੇ ’ਚ ਲੱਗੇ ਛੱਤ ਵਾਲੇ ਪੱਖੇ ਨਾਲ ਕੱਪੜੇ ਬੰਨ ਕੇ ਫਾਹਾ ਲੈਣ ਨਾਲ ਲਾਸ਼ ਲਟਕ ਰਹੀ ਸੀ। ਉਸੇ ਕਮਰੇ ’ਚ ਬਿਸਤਰੇ ਤੇ ਬਲਜੀਤ ਕੌਰ (25 ਸਾਲ) ਦੀ ਲਾਸ਼ ਪਈ ਹੋਈ ਸੀ। ਦੋਹਾਂ ਦੀ ਮੌਤ ਹੋ ਚੁੱਕੀ ਸੀ।ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਟੱਲੇਵਾਲ ਦੇ ਮੁਖੀ ਨਿਰਮਲਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇਤੇ ਪਹੁੰਚੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਨੂੰ ਵੀ ਸੱਦਿਆ ਗਿਆ। ਜਿਨ੍ਹਾਂ ਨੇ ਮੌਕੇ ਤੋਂ ਜ਼ਰੂਰੀ ਸਬੂਤ ਜੁਟਾਏ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਕਰੀਬ 7 ਵਜੇ ਇਸ ਬਾਰੇ ਜਾਣਕਾਰੀ ਮਿਲੀ ਸੀ। ਪੁਲਿਸ ਵਲੋਂ ਮ੍ਰਿਤਕਾਂ ਦੀ ਸ਼ਨਾਖ਼ਤ ਨੌਜਵਾਨ ਪਰਵਿੰਦਰ ਸਿੰਘ ਵਾਸੀ ਕੌਂਕੇ (ਜ਼ਿਲ੍ਹਾ ਲੁਧਿਆਣਾ) ਮੁਟਿਆਰ ਬਲਜੀਤ ਕੌਰ ਵਾਸੀ ਅਲੀਗੜ੍ਹ ਨੇੜੇ ਜਗਰਾਉਂ ਵਜੋਂ ਹੋਈ ਹੈ।ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਮਾਮਲਾ ਖ਼ੁਦਕੁਸ਼ੀ ਦਾ ਪ੍ਰਤੀਤ ਹੋ ਰਿਹਾ ਹੈ। ਪਰ ਮੌਤ ਦੇ ਅਸਲ ਕਾਰਨਾਂ ਬਾਰੇ ਕੁਝ ਵੀ ਕਹਿਣਾ ਅਜੇ ਕਾਹਲੀ ਹੋਵੇਗੀ। ਦੋਵੇਂ ਮ੍ਰਿਤਕ ਵੱਖ-ਵੱਖ ਪਿੰਡਾਂ (ਲੁਧਿਆਣਾ ਤੇ ਜਗਰਾਉਂ) ਦੇ ਰਹਿਣ ਵਾਲੇ ਸਨ। ਉਹ ਟੱਲੇਵਾਲ ਸਥਿਤ ਇਸ ਘਰ ਚ ਕਿਸ ਸਬੰਧ ਤਹਿਤ ਮੌਜੂਦ ਸਨ,ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਬਰਨਾਲਾ ਦੇ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੌਤ ਦਾ ਕਾਰਨ ਕੀ ਸੀ, ਪੁਲਿਸ ਵੱਖ-ਵੱਖ ਪਹਿਲੂਆਂ ਆਦਿ ਤੇ ਜਾਂਚ ਕਰ ਰਹੀ ਹੈ। ਪੁਲਿਸ ਮ੍ਰਿਤਕਾਂ ਦੇ ਵਾਰਸਾਂ ਨਾਲ ਸੰਪਰਕ ਕਰ ਰਹੀ ਹੈ ਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਪਿੰਡ ਵਾਸੀਆਂ ’ਚ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਫਿਲਹਾਲ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਬਾਰੀਕੀ ਨਾਲ ਤਫ਼ਤੀਸ਼ ਜਾਰੀ ਹੈ।

About The Author

You may have missed