ਯਾਦਵਿੰਦਰ ਸਿੰਘ ਤਪਾ ਦੀ ਪੁਸਤਕ ‘ਤੇ ਗੋਸ਼ਟੀ ਕਰਵਾਈ ਗਈ

ਬਰਨਾਲਾ-22 ਦਸੰਬਰ (ਰਾਕੇਸ਼ ਜੇਠੀ)- ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਦੇ ਸਹਿਯੋਗ ਨਾਲ ਸਥਾਨਕ ਆਰ. ਐਨ. ਹੋਟਲ ਵਿਖੇ ਯਾਦਵਿੰਦਰ ਸਿੰਘ ਤਪਾ ਦੀ ਪੁਸਤਕ ‘ਉਡੀਕਾਂ ਸੱਜਣ ਦੀਆਂ’ ‘ਤੇ ਗੋਸ਼ਟੀ ਕਰਵਾਈ ਗਈ। ਸਮਾਗਮ ਦਾ ਆਗਾਜ਼ ਮਨੀ ਅੰਮ੍ਰਿਤਸਰੀ ਦੀਆਂ ਗਾਈਆਂ ਗ਼ਜ਼ਲਾਂ ਨਾਲ਼ ਹੋਇਆ। ਪੁਸਤਕ ‘ਤੇ ਪੇਪਰ ਪੜ੍ਹਦਿਆਂ ਡਾ. ਰਾਮ ਪਾਲ ਸ਼ਾਹਪੁਰੀ ਨੇ ਕਿਹਾ ਕਿ ਪਤਨੀ ਦੇ ਵਿਛੋੜੇ ਉਪਰੰਤ ਲਿਖੀਆਂ ਹੋਣ ਕਰਕੇ ਇਹ ਖੂਬਸੂਰਤ ਕਵਿਤਾਵਾਂ ਯਾਦਾਂ, ਬਿਰਹਾ, ਦੁੱਖ-ਦਰਦ ਨਾਲ਼ ਲਬਰੇਜ਼ ਹਨ। ਕਵੀ ਅਗਲੀ ਜ਼ਿੰਦਗੀ, ਪਤਨੀ ਨਾਲ਼ ਗੁਜ਼ਾਰੇ ਪਲਾਂ ਦੀ ਯਾਦ ਦੇ ਆਸਰੇ ਜਿਉਂਣੀ ਲੋਚਦਾ ਹੈ। ਸਮਾਗਮ ਦੇ ਮੁੱਖ ਮਹਿਮਾਨ ਬਲਵਿੰਦਰ ਜਵੰਧਾ ਨੇ ਕਿਹਾ ਕਿ ਆਦਮੀ ਦੀ ਜ਼ਿੰਦਗੀ ਵਿੱਚ ਭਾਵਨਾਵਾਂ ਦੀ ਬਹੁਤ ਅਹਿਮੀਅਤ ਹੈ। ਯਾਦਵਿੰਦਰ ਸਿੰਘ ਨੇ ਆਪਣੀ ਪਤਨੀ ਪ੍ਰਤੀ ਸੁੱਚੀਆਂ ਭਾਵਨਾਵਾਂ ਦਾ ਇਜ਼ਹਾਰ ਕਰਕੇ ਸ਼ਰਧਾਂਜਲੀ ਦਿੱਤੀ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪਰਮਜੀਤ ਮਾਨ ਅਤੇ ਸੀ. ਮਾਰਕੰਡਾ ਦਾ ਸਾਂਝਾ ਮੱਤ ਸੀ ਕਿ ਬੇਸ਼ੱਕ ਇਹ ਕਵਿਤਾਵਾਂ ਗ਼ਜ਼ਲ ਦੀ ਨਿਯਮਾਂਵਲੀ ‘ਤੇ ਪੂਰੀਆਂ ਨਾ ਵੀ ਉਤਰਨ ਫਿਰ ਵੀ ਇਹਨਾਂ ਦੀ ਅਹਿਮੀਅਤ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਤੇਜਾ ਸਿੰਘ ਤਿਲਕ, ਭੋਲਾ ਸਿੰਘ ਸੰਘੇੜਾ ਅਤੇ ਚਮਕੌਰ ਸਿੰਘ ਸੇਖੋਂ ਕਿਹਾ ਕਿ ਲੇਖਕ ਨੇ ਪੰਜਾਬੀ ਪਾਠਕਾਂ ਨੂੰ ਯਾਦਗਾਰੀ ਨਾਵਲ ਦਿੱਤੇ ਹਨ ਤੇ ਹੁਣ ਕਵਿਤਾ ਦੇ ਖੇਤਰ ਵਿੱਚ ਕਦਮ ਰੱਖਣਾ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ।
ਵਿਚਾਰ ਵਟਾਂਦਰੇ ਵਿੱਚ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਜਗਤਾਰ ਜਜ਼ੀਰਾ, ਤੇਜਿੰਦਰ ਮਾਰਕੰਡਾ, ਉਜਾਗਰ ਸਿੰਘ ਮਾਨ ਆਦਿ ਨੇ ਵੀ ਭਾਗ ਲਿਆ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ, ਜਗਜੀਤ ਕੌਰ ਢਿਲਵਾਂ, ਰਾਜਿੰਦਰ ਸ਼ੌਕੀ, ਪਰਗਟ ਸਿੰਘ ਕਾਲੇਕੇ, ਰਘਵੀਰ ਸਿੰਘ ਗਿੱਲ ਨੇ ਆਪਣਾ ਤਾਜ਼ਾ ਕਲਾਮ ਪੇਸ਼ ਕੀਤਾ।
ਸਮਾਗਮ ਵਿੱਚ ਡਾ. ਭੁਪਿੰਦਰ ਸਿੰਘ ਬੇਦੀ, ਖ਼ੁਸ਼ਵਿੰਦਰ ਸਿੰਘ ਸੂਰੀਆ ਪਵਨ ਪਰਿੰਦਾ, ਡਾ. ਹਰਿਭਗਵਾਨ, ਹਰਦੀਪ ਕੁਮਾਰ, ਮੇਜਰ ਸਿੰਘ ਗਿੱਲ ਆਦਿ ਨੇ ਵੀ ਹਾਜ਼ਰੀ ਲਵਾਈ।

