ਮੋਟਰਸਾਈਕਲ ਤੇ ਕਾਰ ਦੀ ਟੱਕਰ, ਦੋ ਵਿਅਕਤੀ ਗੰਭੀਰ ਜਖਮੀ

ਬਰਨਾਲਾ-23 ਦਸੰਬਰ (ਰਾਕੇਸ਼ ਜੇਠੀ)- ਪਿੰਡ ਅਸਪਾਲਾ ਨੇੜੇ ਇੱਟਾਂ ਦੇ ਭੱਠੇ ਕੋਲ ਇੱਕ ਮੋਟਰਸਾਈਕਲ ਤੇ ਕਾਰ ਦੀ ਟੱਕਰ ਨਾਲ ਦੋ ਵਿਅਕਤੀਆ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ10:35 ਤੇ ਕੰਟਰੋਲ ਰੂਮ ਬਰਨਾਲਾ ਤੋਂ ਸੂਚਨਾ ਮਿਲੀ ਕਿ ਅਸਪਾਲਾ ਨੇੜੇ ਐਕਸੀਡੈਂਟ ਹੋਇਆ ਹੈ। ਅਸੀਂ ਬਿਨਾਂ ਸਮਾਂ ਗਵਾਏ ਪੂਰੀ ਟੀਮ ਨਾਲ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਉਹਨਾਂ ਦੱਸਿਆ ਕਿ ਇੱਕ ਮੋਟਰਸਾਈਕਲ ਨੰਬਰ PB 19CY 7266 ਜਿਸ ਨੂੰ ਗੁਰਦੀਪ ਸਿੰਘ ਵਾਸੀ ਕੋਟਦੁਨਾਂ ਚਲਾ ਰਿਹਾ ਸੀ ਜੋ ਕਿ ਕਿਸੇ ਘਰੇਲੂ ਕੰਮ ਲਈ ਸੁਖਜੀਤ ਸਿੰਘ ਵਾਸੀ ਲੋਹਾ ਖੇੜਾ ਨੂੰ ਨਾਲ ਲੈ ਕੇ ਆਪਣੇ ਪਿੰਡ ਕੋਟਦੁਨਾਂ ਤੋਂ ਕਾਲੇਕੇ ਵੱਲ ਜਾ ਰਿਹਾ ਸੀ। ਪਿੱਛੋਂ ਇੱਕ ਤੇਜ਼ ਰਫਤਾਰ ਸਵਿਫਟ ਗੱਡੀ ਨੰਬਰ DL 9CY 5001 ਜਿਸ ਨੂੰ ਵਰਿੰਦਰ ਸਿੰਘ ਵਾਸੀ ਅਸਪਾਲ ਚਲਾ ਰਿਹਾ ਸੀ, ਨੇ ਇੱਟਾਂ ਦੇ ਭੱਠੇ ਕੋਲ ਗੁਰਦੁਆਰੇ ਸਾਹਮਣੇ ਜਬਰਦਸਤ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਤਕਰੀਬਨ 30 ਮੀਟਰ ਰੋਡ ਤੋਂ ਦੂਰ ਖੇਤਾਂ ਵਿੱਚ ਜਾ ਡਿੱਗਿਆ ਅਤੇ ਕਾਰ ਖਤਾਨਾ ਵਿੱਚ ਖੜੇ ਦਰਖਤ ਨਾਲ ਜਾ ਟਕਰਾਈ। ਇਸ ਟੱਕਰ ਨਾਲ ਦੋਨੋਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਨਾਲ ਜਖਮੀ ਹੋ ਗਏ। ਜਿਸ ਵਿੱਚੋਂ ਸੁਖਜੀਤ ਸਿੰਘ ਦੀ ਲੱਤ ਟੁੱਟ ਗਈ ਅਤੇ ਮੋਟਰਸਾਈਕਲ ਚਾਲਕ ਗੁਰਦੀਪ ਸਿੰਘ ਦਾ ਚੂਲਾ ਟੁੱਟ ਗਿਆ। ਜਿਨਾਂ ਨੂੰ ਐਸਐਸਐਫ ਟੀਮ ਵੱਲੋਂ ਮੁਢਲੀ ਸਹਾਇਤਾ ਦੇ ਕੇ 108 ਐਬੂਲੈਂਸ ਰਾਹੀਂ ਸਿਵਲ ਹਸਪਤਾਲ ਧਨੌਲਾ ਦਾਖਲ ਕਰਵਾਇਆ ਗਿਆ। ਜਿਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਰੈਫਰ ਕਰ ਦਿੱਤਾ। ਜਖਮੀਆਂ ਦੇ ਪਰਿਵਾਰਾਂ ਨੂੰ ਇਸ ਐਕਸੀਡੈਂਟ ਬਾਰੇ ਜਾਣਕਾਰੀ ਦੇ ਦਿੱਤੀ ਗਈ, ਜੋ ਕਿ ਸਿਵਲ ਹਸਪਤਾਲ ਧਨੌਲਾ ਪਹੁੰਚ ਗਏ ਸਨ। ਇਸ ਘਟਨਾ ਵਿੱਚ ਦੋਨੋਂ ਵਹੀਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਜਿਨਾਂ ਨੂੰ ਸਾਈਡ ਤੇ ਕਰਵਾ ਕੇ ਟਰੈਫਿਕ ਨੂੰ ਨਿਵਿਗਨ ਚਾਲੂ ਕਰਵਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਐਕਸੀਡੈਂਟ ਸੰਬੰਧੀ ਜਾਣਕਾਰੀ ਥਾਣਾ ਧਨੌਲਾ ਦੇ ਮੁਨਸ਼ੀ ਨੂੰ ਭੇਜ ਦਿੱਤੀ। ਇਸ ਮੌਕੇ ਈਐਸਆਈ ਅਮਰੀਕ ਸਿੰਘ ਤੋਂ ਇਲਾਵਾ ਕਾਂਸਟੇਬਲ ਕਮਲਦੀਪ ਸਿੰਘ ਲੇਡੀ ਕਾਂਸਟੇਬਲ ਵੀਰਪਲ ਕੌਰ ਅਤੇ ਲੇਡੀ ਕਾਨਸਟੇਬਲ ਜਸ਼ਨਦੀਪ ਕੌਰ ਵੀ ਹਾਜ਼ਰ ਸਨ।
