ਟਰਾਈਡੈਂਟ ਗਰੁੱਪ ਦਾ ਮੈਗਾ ਮੈਡੀਕਲ ਕੈਂਪ ਸਫਲਤਾਪੂਰਵਕ ਸਮਾਪਤ: ‘ਲੋੜਵੰਦਾਂ ਦੇ ਮਸੀਹਾ’ ਬਣੇ ਪਦਮਸ਼੍ਰੀ ਰਜਿੰਦਰ ਗੁਪਤਾ

ਬਰਨਾਲਾ, 5 ਦਸੰਬਰ (ਰਾਕੇਸ਼ ਜੇਠੀ) : ਮਾਲਵਾ ਖੇਤਰ ਦੀ ਪ੍ਰਮੁੱਖ ਸਨਅਤੀ ਸੰਸਥਾ ਟਰਾਈਡੈਂਟ ਗਰੁੱਪ ਵੱਲੋਂ ਮਾਨਵਤਾ ਦੀ ਸੇਵਾ ਹਿੱਤ 29 ਅਕਤੂਬਰ ਤੋਂ ਸ਼ੁਰੂ ਕੀਤਾ ਗਿਆ ‘ਮੈਗਾ ਮੈਡੀਕਲ ਕੈਂਪ-2025’ ਅੱਜ, 5 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਫ਼ਲਤਾਪੂਰਵਕ ਸਮਾਪਤ ਹੋ ਗਿਆ ਹੈ। ਗਰੁੱਪ ਦੇ ਬਾਨੀ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦੀ ਦੂਰਅੰਦੇਸ਼ੀ ਸੋਚ ਸਦਕਾ ਸ਼ੁਰੂ ਹੋਇਆ ਇਹ ਮਹਾਂ-ਅਭਿਆਨ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਇਆ ਅਤੇ ਬਰਨਾਲਾ ਵਾਸੀਆਂ ਲਈ ‘ਸੰਜੀਵਨੀ’ ਸਾਬਤ ਹੋਇਆ। ਇਸ ਕੈਂਪ ਨੇ ਹਜ਼ਾਰਾਂ ਲੋੜਵੰਦ ਮਰੀਜ਼ਾਂ ਨੂੰ ਨਾ ਸਿਰਫ਼ ਉੱਚ ਪੱਧਰੀ ਡਾਕਟਰੀ ਸਲਾਹ, ਟੈਸਟ ਅਤੇ ਮਹਿੰਗੀਆਂ ਦਵਾਈਆਂ ਬਿਲਕੁਲ ਮੁਫ਼ਤ ਪ੍ਰਦਾਨ ਕੀਤੀਆਂ, ਬਲਕਿ ਇਹ ਵੀ ਸਾਬਤ ਕਰ ਦਿੱਤਾ ਕਿ ਗੁਪਤਾ ਪਰਿਵਾਰ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਗਰੀਬਾਂ ਦੀ ਬਾਂਹ ਫੜ ਕੇ ਇੱਕ ਫਰਿਸ਼ਤੇ ਵਾਲੀ ਭੂਮਿਕਾ ਨਿਭਾ ਰਿਹਾ ਹੈ। ਕੈਂਪ ਦੀ ਸਮਾਪਤੀ ‘ਤੇ ਮਰੀਜ਼ਾਂ ਨੇ ਭਰੇ ਮਨ ਨਾਲ ਪਦਮਸ਼੍ਰੀ ਰਜਿੰਦਰ ਗੁਪਤਾ ਸਮੇਤ ਸੀ.ਐੱਸ.ਆਰ. ਮੁਖੀ ਸ਼੍ਰੀਮਤੀ ਮਧੂ ਗੁਪਤਾ ਅਤੇ ਸੀ.ਐਕਸ.ਓ. ਸ਼੍ਰੀ ਅਭਿਸ਼ੇਕ ਗੁਪਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮਰੀਜ਼ਾਂ ਨੇ ਆਸ ਪ੍ਰਗਟਾਈ ਕਿ ਟਰਾਈਡੈਂਟ ਗਰੁੱਪ ਅਜਿਹੇ ਨੇਕ ਉਪਰਾਲੇ ਭਵਿੱਖ ’ਚ ਵੀ ਕਰਦਾ ਰਹੇਗਾ।

ਸੀ.ਐੱਮ.ਸੀ. ਹਸਪਤਾਲ ਦੀ ਟੀਮ ਨੇ ਮੁਹੱਈਆ ਕਰਵਾਇਆ ਉੱਚ ਪੱਧਰੀ ਇਲਾਜ਼
ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ, ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੋਜ਼ਫ਼, ਨਰਸਿੰਗ ਸੁਪਰੀਟੈਨਡੈਂਟ ਡਾ. ਸੰਗੀਤਾ ਨੀਕੋਲਸ, ਐਡਮਿਨਿਸਟਰੇਟਰ ਮਿਸ ਮੇਘਲਾ ਰਾਮਾਸਵਾਮੀ ਸਣੇ ਆਰ.ਐੱਚ.ਓ.ਪੀ ਕੈਂਪ ਡਿਪਾਰਟਮੈਂਟ ਦੀ ਟੀਮ ’ਚ ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ, ਡਾ. ਵਿਨੇ ਵਿਲਸਨ, ਇੰਚਾਰਜ਼ ਡੋਲੀ ਮੈਡਮ, ਅਨੁਜ਼, ਹੀਰਾ, ਅਰੁਣ ਅਨਵਰ, ਮੋਨਿਕਾ ਪੌਲ ਅਤੇ ਟੀਮ ਵੱਲੋਂ ਬੜੀ ਬਾਰਿਕੀ ਨਾਲ ਮਰੀਜ਼ਾਂ ਦੀਆਂ ਮੁਸ਼ਕਿਲਾਂ ਨੂੰ ਸੁਣਦਿਆਂ ਉਨ੍ਹਾਂ ਨੂੰ ਉੱਚ ਪੱਧਰੀ ਇਲਾਜ਼ ਮੁਹੱਈਆ ਕਰਵਾਇਆ ਗਿਆ। ਇਸਦੇ ਨਾਲ ਹੀ ਟਰਾਈਡੈਂਟ ਗਰੁੱਪ ਵੱਲੋਂ ਇੰਚਾਰਜ਼ ਪਵਨ ਸਿੰਗਲਾ, ਚਰਨਜੀਤ ਸਿੰਘ, ਸਾਹਿਲ ਗੁਲਾਟੀ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ, ਰੁਪਿੰਦਰ ਕੌਰ, ਗੁਰਦੀਪ ਸਿੰਘ, ਗੁਲਸ਼ਨ ਕੁਮਾਰ ਨੇ ਵੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ। ਇਸ ਮੈਗਾ ਕੈਂਪ ਨੇ ਨਾ ਸਿਰਫ਼ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਹਨ, ਸਗੋਂ ਟਰਾਈਡੈਂਟ ਗਰੁੱਪ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ ਹੈ।
ਮਰੀਜ਼ਾਂ ਵੱਲੋਂ ‘ਲੋੜਵੰਦਾਂ ਦੇ ਮਸੀਹਾ’ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦਾ ਦਿਲੋਂ ਧੰਨਵਾਦ
ਗਰੀਬਾਂ ਲਈ ਰੱਬ ਦਾ ਰੂਪ: ਬਰਨਾਲਾ ਵਾਸੀ ਬਜ਼ੁਰਗ ਗੁਰਮੇਲ ਸਿੰਘ, ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਗੋਡਿਆਂ ਦੀ ਤਕਲੀਫ਼ ਸੀ, ਪਰ ਜੇਬ ਇਲਾਜ ਦੀ ਇਜਾਜ਼ਤ ਨਹੀਂ ਦਿੰਦੀ ਸੀ, ਨੇ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਨੂੰ ਰੱਬ ਦਾ ਰੂਪ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਟਰਾਈਡੈਂਟ ਦੇ ਕੈਂਪ ਵਿੱਚ ਮੈਨੂੰ ਵੱਡੇ ਡਾਕਟਰਾਂ ਨੇ ਦੇਖਿਆ ਅਤੇ ਮੁਫ਼ਤ ਦਵਾਈ ਦਿੱਤੀ। ਮੇਰੇ ਲਈ ਤਾਂ ਰਜਿੰਦਰ ਗੁਪਤਾ ਜੀ ਰੱਬ ਦਾ ਰੂਪ ਹਨ, ਜਿਨ੍ਹਾਂ ਨੇ ਮੇਰੇ ਵਰਗੇ ਬਜ਼ੁਰਗਾਂ ਦਾ ਦਰਦ ਸਮਝਿਆ ਅਤੇ ਬਿਨਾਂ ਕਿਸੇ ਖਰਚੇ ਦੇ ਇਲਾਜ ਮੁਹੱਈਆ ਕਰਵਾਇਆ। ਅਸੀਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ।”

ਸਰਕਾਰੀ ਹਸਪਤਾਲਾਂ ਤੋਂ ਵੀ ਬਿਹਤਰ ਪ੍ਰਬੰਧ : ਆਪਣੇ ਬੱਚਿਆਂ ਅੰਜਲੀ ਅਤੇ ਅਕਾਸ਼ ਦਾ ਚੈੱਕਅੱਪ ਕਰਵਾਉਣ ਪੁੱਜੀ ਊਸ਼ਾ ਨੇ ਕੈਂਪ ਦੇ ਪ੍ਰਬੰਧਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇੱਥੋਂ ਦੀ ਸਾਫ਼-ਸਫ਼ਾਈ ਅਤੇ ਅਨੁਸ਼ਾਸਨ ਦੇਖ ਕੇ ਮਨ ਖੁਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਟਰਾਈਡੈਂਟ ਗਰੁੱਪ ਨੇ ਇੱਥੇ ਸਰਕਾਰੀ ਹਸਪਤਾਲਾਂ ਤੋਂ ਕਿਤੇ ਬਿਹਤਰ ਪ੍ਰਬੰਧ ਕੀਤੇ ਹੋਏ ਸਨ ਅਤੇ ਟਰਾਈਡੈਂਟ ਗਰੁੱਪ ਦਾ ਇਸ ਕੈਂਪ ਮਿੰਨੀ ਸੀ.ਐੱਮ.ਸੀ. ਵਾਂਗ ਜਾਪ ਰਿਹਾ ਸੀ। ਰਜਿੰਦਰ ਗੁਪਤਾ ਜੀ ਸਮਾਜ ਸੇਵਾ ਦੇ ਖੇਤਰ ਵਿੱਚ ਜੋ ਕੰਮ ਕਰ ਰਹੇ ਹਨ, ਉਸ ਲਈ ਪੂਰਾ ਬਰਨਾਲਾ ਸ਼ਹਿਰ ਅਤੇ ਇਲਾਕਾ ਉਨ੍ਹਾਂ ਦਾ ਰਿਣੀ ਹੈ।

ਘਰ ਦੇ ਬੂਹੇ ‘ਤੇ ਸਿਹਤ ਸਹੂਲਤਾਂ ਕਿਸੇ ਸੁਪਨੇ ਤੋਂ ਘੱਟ ਨਹੀਂ : 60 ਸਾਲਾਂ ਬਜ਼ੁਰਗ ਬਲਜੀਤ ਕੌਰ, ਜਿਨ੍ਹਾਂ ਨੂੰ ਅੱਖਾਂ ਦੀ ਵੱਡੀ ਸਮੱਸਿਆ ਸੀ, ਨੇ ਇੱਥੇ ਸੀ.ਐੱਮ.ਸੀ. ਹਸਪਤਾਲ ਦੇ ਮਾਹਰ ਡਾਕਟਰਾਂ ਤੋਂ ਜਾਂਚ ਕਰਵਾਈ ਅਤੇ ਮੁਫ਼ਤ ਦਵਾਈਆਂ ਹਾਸਲ ਕੀਤੀਆਂ। ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਘਰ ਦੇ ਬੂਹੇ ’ਤੇ ਅਜਿਹੀਆਂ ਉੱਚ-ਪੱਧਰੀ ਸਿਹਤ ਸਹੂਲਤਾਂ ਮਿਲਣੀਆਂ ਕਿਸੇ ਸੁਪਨੇ ਤੋਂ ਘੱਟ ਨਹੀਂ ਹਨ। ਉਨ੍ਹਾਂ ਸਮੁੱਚੀ ਟਰਾਈਡੈਂਟ ਟੀਮ ਨੂੰ ਦੁਆਵਾਂ ਦਿੱਤੀਆਂ ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਵਾਂਗ ਸਾਂਭ-ਸੰਭਾਲ ਕੀਤੀ।

ਮਨੁੱਖਤਾ ਦੀ ਸੱਚੀ ਸੇਵਾ : ਪਿੰਡ ਮੌੜਾਂ ਤੋਂ ਪੁੱਜੇ 65 ਸਾਲਾਂ ਬਜ਼ੁਰਗ ਰੂਪ ਸਿੰਘ, ਜਿਨ੍ਹਾਂ ਨੇ ਅੱਖਾਂ ਅਤੇ ਦਿਲ ਦੀ ਜਾਂਚ ਕਰਵਾਈ, ਨੇ ਕਿਹਾ ਕਿ ਵੱਡੀਆਂ ਕੰਪਨੀਆਂ ਤਾਂ ਬਹੁਤ ਹਨ, ਪਰ ਟਰਾਈਡੈਂਟ ਗਰੁੱਪ ਵਾਂਗ ਲੋਕਾਂ ਦੀ ਸੇਵਾ ਕਰਨ ਦਾ ਜਜ਼ਬਾ ਵਿਰਲਿਆਂ ਵਿੱਚ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗੁਪਤਾ ਜੀ ਨੇ ਲੋੜਵੰਦਾਂ ਦੀ ਬਾਂਹ ਫੜ ਕੇ ਮਨੁੱਖਤਾ ਦੀ ਸੱਚੀ ਸੇਵਾ ਕੀਤੀ ਹੈ। ਇਹ ਮੈਡੀਕਲ ਕੈਂਪ ਲੋਕਾਂ ਲਈ ‘ਸੰਜੀਵਨੀ’ ਸਾਬਤ ਹੋਇਆ ਹੈ।

ਮੁਫ਼ਤ ਇਲਾਜ, ਵੱਡਾ ਸਹਾਰਾ : ਪਿੰਡ ਕਾਲੇਕੇ ਤੋਂ ਪੁੱਜੇ 70 ਸਾਲਾਂ ਬਜ਼ੁਰਗ ਜਾਗਰ ਸਿੰਘ ਨੇ ਕਿਹਾ ਕਿ ਇਸ ਕੈਂਪ ਵਿੱਚ ਸੀ.ਐੱਮ.ਸੀ. ਵਰਗੇ ਨਾਮਵਰ ਅਦਾਰਿਆਂ ਦੀ ਤਰਜ਼ ‘ਤੇ ਨਾ ਸਿਰਫ਼ ਉੱਚ ਪੱਧਰੀ ਡਾਕਟਰੀ ਸਲਾਹ ਦਿੱਤੀ ਗਈ, ਬਲਕਿ ਮਹਿੰਗੇ ਟੈਸਟ ਅਤੇ ਜ਼ਰੂਰੀ ਦਵਾਈਆਂ ਵੀ ਬਿਲਕੁਲ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ। ਅੱਜ ਦੇ ਮਹਿੰਗਾਈ ਦੇ ਦੌਰ ਵਿੱਚ, ਜਿੱਥੇ ਇੱਕ ਗਰੀਬ ਜਾਂ ਮੱਧਵਰਗੀ ਪਰਿਵਾਰ ਲਈ ਛੋਟੇ ਤੋਂ ਛੋਟਾ ਇਲਾਜ ਕਰਵਾਉਣਾ ਵੀ ਇੱਕ ਵੱਡਾ ਬੋਝ ਬਣ ਜਾਂਦਾ ਹੈ, ਉੱਥੇ ਟਰਾਈਡੈਂਟ ਗਰੁੱਪ ਨੇ ਸਾਡਾ ਵੱਡਾ ਸਹਾਰਾ ਬਣ ਕੇ ਸਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਗੁਪਤਾ ਪਰਿਵਾਰ ਨੇ ਲੋੜਵੰਦਾਂ ਨੂੰ ਬਿਮਾਰੀ ਦੇ ਖਰਚੇ ਦੀ ਚਿੰਤਾ ਤੋਂ ਮੁਕਤ ਕਰ ਦਿੱਤਾ।

ਸਮਾਜ ਸੇਵਾ ਵਿੱਚ ਇੱਕ ਮਿਸਾਲ : ਇਲਾਜ਼ ਲਈ ਪੁੱਜੇ ਜਸਪਾਲ ਕੌਰ ਵਾਸੀ ਪਿੰਡ ਪੱਖੋਂ ਕਲਾਂ, ਹਰਪਾਲ ਕੌਰ ਵਾਸੀ ਉੱਪਲੀ ਅਤੇ ਗੁਰਚਰਨ ਕੌਰ ਵਾਸੀ ਅਸਪਾਲਾਂ ਖੁਰਦ ਨੇ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਪ੍ਰੇਰਨਾ ਸਰੋਤ ਦੱਸਿਆ। ਉਨ੍ਹਾਂ ਪਦਮਸ਼੍ਰੀ ਰਾਜਿੰਦਰ ਗੁਪਤਾ ਜੀ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਸਿਰਫ਼ ਇੱਕ ਉਦਯੋਗਪਤੀ ਹੀ ਨਹੀਂ, ਸਗੋਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਮਸੀਹਾ ਹਨ। ਉਨ੍ਹਾਂ ਦਾ ਇਹ ਉਪਰਾਲਾ ਦੂਜੇ ਕਾਰੋਬਾਰੀਆਂ ਲਈ ਵੀ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੀ ਇੱਕ ਮਿਸਾਲ ਹੈ।

ਕੈਂਪ ਵਿੱਚ ਮਰੀਜ਼ਾਂ ਦੀ ਸਹਾਇਤਾ ਕਰਨ ਵਾਲੇ ਟਰਾਈਡੈਂਟ ਗਰੁੱਪ ਅਤੇ ਸੀਐਮਸੀ ਹਸਪਤਾਲ ਦੇ ਸਟਾਫ ਮੈਂਬਰ।

