ਹੰਡਿਆਇਆ ਦਾ ਹੈਲਥ ਵੈਲਨੈਸ ਸੈਂਟਰ ਖੁੱਦ ਹੋਇਆ ਬੀਮਾਰ

Primekhabarpunjab Civil hospital

ਹੰਡਿਆਇਆ 19 ਨਵੰਬਰ(ਰਾਕੇਸ਼ ਜੇਠੀ)-ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਚੰਗੀ ਸਿਹਤ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਸਰੇ ਪਾਸੇ ਕਸਬਾ ਹੰਡਿਆਇਆ ਵਿਖੇ ਕੁੱਝ ਮਹੀਨੇ ਪਹਿਲਾਂ ਬਣਿਆ ਹੈਲਥ ਵੈਲਨੈਸ ਸੈਂਟਰ ਖੁੱਦ ਹੀ ਬੀਮਾਰ ਹੋਇਆ ਪਿਆ ਹੈ।
ਜਾਣਕਾਰੀ ਅਨੁਸਾਰ ਕਰੀਬ ਬਾਰਾਂ ਹਜ਼ਾਰ ਆਬਾਦੀ ਵਾਲੀ ਨਗਰ ਪੰਚਾਇਤ ਅਤੇ ਕਈ ਪੰਚਾਇਤਾ ਦੀਆਂ ਗਰਭਵਤੀ ਔਰਤਾਂ ਅਤੇ ਛੋਟੇ ਬੱਚੇ ਟੀਕਾ ਕਰਨ ਇਸ ਹੈਲਥ ਵੈਲਨੈਸ ਸੈਂਟਰ ਵਿੱਚ ਆਉਂਦੇ ਹਨ। ਪਰ ਖ਼ਸਤਾ ਹਾਲਤ ਵਿੱਚ ਇਹ ਹੈਲਥ ਵੈਲਨੈਸ ਸੈਂਟਰ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ।
ਮੌਕੇ ਤੇ ਮੋਜੂਦ ਮਨਦੀਪ ਕੌਰ, ਰਾਜ ਕੌਰ, ਪਰਮਜੀਤ ਕੌਰ, ਆਸ਼ਾ ਰਾਣੀ, ਨਿਸ਼ਾ ਰਾਣੀ, ਕਿਰਨਦੀਪ ਕੌਰ, ਅਨੀਤਾ ਕੁਮਾਰੀ ਆਦਿ ਨੇ ਦੱਸਿਆ ਕਿ ਇਸ ਸੈਂਟਰ ਦੀ ਇਮਾਰਤ ਕੁੱਝ ਸਮਾਂ ਪਹਿਲਾਂ ਹੀ ਬਣ ਕੇ ਤਿਆਰ ਹੋਈ ਹੈ। ਪਰ ਇਸ ਇਮਾਰਤ ਦੀ ਹਾਲਤ ਬਹੁਤ ਹੀ ਖ਼ਸਤਾ ਹੋ ਗਈ ਹੈ। ਇਮਾਰਤ ਦਾ ਫਰਸ਼ ਟੁੱਟ ਚੁੱਕਿਆ ਹੈ, ਅਤੇ ਅੰਦਰ ਆਉਣ ਵਾਲੇ ਗੇਟ ਤੇ ਬਣੀ ਪੁਲੀ ਵੀ ਬਿਲਕੁੱਲ ਟੁੱਟ ਚੁੱਕੀ ਹੈ। ਜਿਸ ਕਰਕੇ ਆਉਣ ਜਾਣ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਓਹਨਾਂ ਅੱਗੇ ਬੋਲਦਿਆਂ ਕਿਹਾ ਏਥੇ ਗਰਭਵਤੀ ਔਰਤਾਂ ਅਤੇ ਬੱਚਿਆਂ ਨੇ ਟੀਕਾ ਕਰਨ ਲਈ ਆਉਣਾ ਹੁੰਦਾ ਹੈ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਓਹਨਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਇਸ ਇਮਾਰਤ ਦੀ ਹਾਲਤ ਹੋਰ ਵੀ ਬੁਰੀ ਹੋ ਜਾਂਦੀ ਹੈ। ਥਾਂ ਥਾਂ ਤੇ ਪਾਣੀ ਖੜ ਜਾਂਦਾ ਹੈ । ਜਿਸ ਕਾਰਣ ਆਉਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।ਇਸ ਤੋ ਇਲਾਵਾ ਇਸ ਬਿਲਡਿੰਗ ਨੂੰ ਆ ਰਹੀ ਪਾਣੀ ਦੀ ਸਪਲਾਈ ਵੀ ਠੀਕ ਨਹੀਂ ਹੈ।ਇਸਦਾ ਪਾਣੀ ਬਿਲਕੁਲ ਵੀ ਪੀਣ ਲਾਇਕ ਨਹੀਂ ਹੈ।ਸਾਰੇ ਹੈਲਥ ਵਰਕਰ ਅਪਣੇ-ਅਪਣੇ ਘਰਾਂ ਤੋ ਅਪਣੇ ਲਈ ਪੀਣ ਵਾਲਾ ਪਾਣੀ ਲੈ ਕੇ ਆਉਦੇ ਹਾਂ।ਮਰੀਜ਼ਾਂ ਨੂੰ ਦੇਣ ਲਈ ਕੋਈ ਸਾਫ ਪਾਣੀ ਦਾ ਬੰਦੋਬਸਤ ਵੀ ਨਹੀਂ ਹੈ।
ਜਦੋਂ ਉੱਥੇ ਮੌਜੂਦ ਹੈਲਥ ਵਰਕਰਾਂ ਨਾਲ ਗੱਲ ਕਰੀ ਗਈ ਤਾਂ ਉਹਨਾਂ ਦੱਸਿਆ ਕਿ ਭਾਰੀ ਬਰਸਾਤ ਤੋ ਬਾਅਦ ਹੈਲਥ ਵੈਲਨੈਸ ਸੈਂਟਰ ਦੀ ਬਿਲਡਿੰਗ ਵਿੱਚ ਜਗ੍ਹਾ-ਜਗ੍ਹਾ ਤੋਂ ਤਰੇੜਾ ਆ ਗਈਆ ਅਤੇ ਕਈ ਜਗ੍ਹਾ ਤੋ ਫਰਸ਼ ਵੀ ਦਬ ਗਿਆ ਸੀ।ਕੁਝ ਸਮਾਂ ਪਹਿਲਾ ਠੇਕੇਦਾਰ ਦੁਆਰਾ ਇਸ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪ੍ਰੰਤੂ ਫਰਸ਼ ਵਗੈਰਾ ਪੁੱਟ ਦੇਣ ਤੋ ਬਾਅਦ ਕੰਮ ਬੰਦ ਕਰ ਦਿੱਤਾ ਗਿਆ।ਠੇਕੇਦਾਰ ਦਾ ਕਹਿਣਾ ਹੈ ਕਿ ਪਿੱਛੋ ਫੰਡ ਨਾ ਆਉਣ ਕਾਰਨ ਕੰਮ ਬੰਦ ਕਰ ਦਿੱਤਾ ਗਿਆ ਹੈ।ਜਗ੍ਹਾ ਜਗ੍ਹਾ ਤੋ ਪੁੱਟੇ ਫਰਸ਼ ਕਾਰਨ ਗਰਭਵਤੀ ਔਰਤਾਂ ਦਾ ਰੈਗੁਲਰ ਚੈੱਕ-ਅਪ ਲਈ ਆਉਣਾ ਰਿਸਕੀ ਬਣਿਆ ਹੋਇਆ ਹੈ।
ਓਹਨਾਂ ਪੰਜਾਬ ਸਰਕਾਰ ਅਤੇ ਸਥਾਨਿਕ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸੈਂਟਰ ਦੀ ਇਮਾਰਤ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ।ਜਦੋਂ ਇਸ ਸਬੰਧੀ ਗੱਲਬਾਤ ਕਰਨ ਲਈ ਐਸਐਮਓ ਸਤਵੰਤ ਸਿੰਘ ਔਜਲਾ ਨੂੰ ਫੋਨ ਕਰਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।

About The Author

You may have missed