ਮਹਿਜ਼ 5 ਹਾਜ਼ਰ ਰੁਪਈਆਂ ਖਾਤਰ ਆਪਣੇ ਹੀ ਸਾਥੀ ਦਾ ਕਰ ਦਿੱਤਾ ਕਤਲ…

ਮ੍ਰਿਤਕ ਦੀ ਲਾਸ਼ ਦੇ ਹੱਡੀਆਂ ਅਤੇ ਮਾਸ ਦੇ ਟੁਕੜੇ ਮਿਲੇ
ਤਪਾ ਮੰਡੀ-12 ਸਿਤੰਬਰ( ਰਾਕੇਸ਼ ਜੇਠੀ)- ਪਿੰਡ ਢਿਲਵਾਂ ਡਰੇਨ ਨਜ਼ਦੀਕ ਲਾਲੂਕੇ ਵਾਲੇ ਰਾਹ ਤੇ ਲਗਭਗ ਸਵਾ ਮਹੀਨਾ ਪਹਿਲਾਂ ਝੋਨਾ ਲਾਉਣ ਆਏ ਪ੍ਰਵਾਸੀ ਮਜ਼ਦੂਰਾਂ ਨੇ ਮਹਿਜ 5 ਹਜਾਰ ਰੁਪਈਆਂ ਖਾਤਰ ਆਪਣੇ ਹੀ ਸਾਥੀ ਦਾ ਕਤਲ ਕਰਕੇ ਜਮੀਨ ‘ਚ ਦੱਬ ਦਿੱਤਾ ਸੀ।ਜਿਸਨੂੰ ਲੈ ਕੇ ਪੁਲਿਸ ਨੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ। ਦੱਸ ਦਈਏ ਕਿ ਜ਼ਿਲ੍ਹਾ ਪੂਰਨੀਆਂ ਬਿਹਾਰ ਤੋਂ ਇੱਕ ਜ਼ੀਰੋ ਐਫਆਈਆਰ ਕੱਟ ਕੇ ਤਪਾ ਥਾਣਾ ਵਿਖੇ ਆਈ ਸੀ, ਜਿਸ ‘ਚ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਤਨੀ ਸੰਗੀਤਾ ਨੇ ਦੱਸਿਆ ਕਿ ਉਸਦਾ ਪਤੀ ਅਕਸ਼ੇ ਕੁਮਾਰ ਉਰਫ ਸ਼ੰਕਰ ਉਮਰ 27 ਸਾਲ, ਪੁੱਤਰ ਦੇਵਾਨੰਦ ਰਾਏ ਵਾਸੀ ਵਾਰਡ ਨੰਬਰ 8, ਰਾਉਪਲੀ, ਜ਼ਿਲ੍ਹਾ ਪੂਰਨੀਆਂ ਬਿਹਾਰ, ਜੋ ਜੁਲਾਈ ਮਹੀਨੇ ‘ਚ ਆਪਣੇ ਸਾਥੀਆਂ ਨਾਲ ਝੋਨਾ ਲਗਾਉਣ ਲਈ ਪੰਜਾਬ ਆਇਆ ਸੀ। ਝੋਨੇ ਦਾ ਸੀਜਨ ਖਤਮ ਹੋਣ ਤੇ ਜਦ ਉਸਦਾ ਪਤੀ ਪਿੰਡ ਨਾਂ ਪਹੁੰਚਿਆ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਨਾਲ ਦੇ ਸਾਥੀਆਂ ਨੂੰ ਅਕਸ਼ੇ ਸਬੰਧੀ ਪੁੱਛਿਆ, ਜਿਸਦਾ ਉਹਨਾਂ ਨੇ ਤਸੱਲੀ ਬਖਸ਼ ਜਵਾਬ ਨਾ ਦਿੱਤਾ ਤਾਂ ਉਹਨਾਂ ਜ਼ਿਲਾ ਪੂਰਨੀਆਂ ਬਿਹਾਰ ਵਿਖੇ ਸਬੰਧਤ ਥਾਣੇ ‘ਚ ਸੂਚਨਾ ਦਿੱਤੀ। ਉਪਰੰਤ ਪੁਲਿਸ ਨੇ ਜਦ ਪੁੱਛਗਿੱਛ ਸ਼ੁਰੂ ਕੀਤੀ ਤਾਂ ਮ੍ਰਿਤਕ ਦੇ ਸਾਥੀ ਉੱਥੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਤਪਾ ਪੁਲਿਸ ਨੇ ਜੀਰੋ ਐਫ ਆਈ ਆਰ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਦੋ ਪ੍ਰਵਾਸੀਆਂ ਖੁਸ਼ੀ ਲਾਲ ਅਤੇ ਭੂਮੀ ਰਿਸ਼ੀ ਦੇਵ ਨੂੰ ਕਾਬੂ ਕੀਤਾ। ਜਦ ਪੁਲਿਸ ਨੇ ਫੜੇ ਗਏ ਪ੍ਰਵਾਸੀ ਮਜ਼ਦੂਰਾਂ ਨਾਲ ਸਖਤੀ ਕੀਤੀ ਤਾਂ ਉਹਨਾਂ ਖੁਲਾਸਾ ਕੀਤਾ ਕਿ ਉਹਨਾਂ ਦੇ ਸਾਥੀਆਂ ਦਾ ਮ੍ਰਿਤਕ ਨਾਲ 5 ਹਜਾਰ ਰੁਪਈਆਂ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਉਸਨੂੰ ਮਾਰ ਕੇ ਢਿਲਵਾਂ ਡਰੇਨ ਨਜ਼ਦੀਕ ਟੋਆ ਪੁੱਟ ਕੇ ਦੱਬ ਦਿੱਤਾ ਸੀ,ਪ੍ਰਵਾਸੀ ਮਜ਼ਦੂਰਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਮਿਤੀ 1 ਸਤੰਬਰ ਨੂੰ ਮ੍ਰਿਤਕ ਦੀ ਲਾਸ਼ ਲੱਭਣ ਲਈ ਜਾਂਚ ਸ਼ੁਰੂ ਕਰ ਕੀਤੀ, ਪ੍ਰੰਤੂ ਜਿਆਦਾ ਬਰਸਾਤ ਪੈਣ ਕਾਰਨ ਪੁਲਿਸ ਦੇ ਹੱਥ ਸਫਲਤਾ ਨਹੀਂ ਲੱਗੀ। ਜਿਸ ਤੋਂ ਬਾਅਦ ਥਾਣਾ ਮੁਖੀ ਸ਼ਰੀਫ ਖਾਨ ਵੱਲੋਂ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਨੇ ਕਾਤਲਾਂ ਦੇ ਇੱਕ ਹੋਰ ਸਾਥੀ ਅਖਿਲੇਸ਼ ਰਿਸ਼ੀ ਦੇਵ ਜੋ ਭੱਜਣ ਦੀ ਫਿਰਾਕ ਵਿਚ ਸੀ ਨੂੰ ਤਪਾ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ।ਉਪਰੰਤ ਪੁਲਿਸ ਨੇ ਉਕਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਨਿਸ਼ਾਨਦੇਹੀ ਤੇ ਐਗਜ਼ੀਕਿਊਟਿਵ ਮੈਜਿਸਟਰੇਟ ਓਂਕਾਰ ਸਿੰਘ ਦੀ ਹਾਜ਼ਰੀ ‘ਚ ਅੱਜ ਫਿਰ ਜਗਹਾ ਦੀ ਪਟਾਈ ਕਰਵਾਈ ਗਈ, ਜਿੱਥੋਂ ਮ੍ਰਿਤਕ ਦੀ ਲਾਸ਼ ਜੋ ਸਿਰਫ ਹੱਡੀਆਂ ਅਤੇ ਮਾਸ ਦੇ ਲੋਥੜੇ ਹੀ ਰਹਿ ਗਏ ਸਨ ਨੂੰ ਬਰਾਮਦ ਕੀਤਾ ਗਿਆ।ਇਸ ਮੌਕੇ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਤੋਂ ਇਲਾਵਾ ਫੋਰੈਂਸਿੰਕ ਅਤੇ ਮੈਡੀਕਲ ਟੀਮਾਂ ਮੌਕੇ ਤੇ ਮੌਜੂਦ ਸਨ। ਥਾਣਾ ਮੁਖੀ ਸ਼ਰੀਫ ਖਾਨ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦੇ ਜੋ ਹੱਡੀਆਂ ਅਤੇ ਮਾਸ ਦੇ ਟੁਕੜੇ ਮਿਲੇ ਹਨ, ਉਨਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ। ਫਿਲਹਾਲ ਪੁਲਿਸ ਨੇ ਦੋਸ਼ੀਆਂ ਦਾ 15 ਤਰੀਕ ਤੱਕ ਰਿਮਾਂਡ ਹਾਸਿਲ ਕੀਤਾ ਹੋਇਆ ਹੈ ਜਿਨਾਂ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਮ੍ਰਿਤਕ ਪ੍ਰਵਾਸੀ ਮਜ਼ਦੂਰ ਆਪਣੇ ਪਿੱਛੇ ਆਪਣੀ ਪਤਨੀ ਅਤੇ ਤਿੰਨ ਬੇਟੀਆਂ ਨੂੰ ਛੱਡ ਗਿਆ ਹੈ ਇਸ ਮੌਕੇ ਮ੍ਰਿਤਕ ਦੀ ਪਤਨੀ, ਭਰਾ,ਸਾਢੂ, ਦਾਦਾ ਅਤੇ ਹੋਰ ਪਰਿਵਾਰਿਕ ਮੈਂਬਰ ਹਾਜ਼ਰ ਸਨ।
