ਦੂਹਰੀ ਮਾਰ ਝੇਲ ਰਹੀਆਂ ਹਨ ਪੰਜਾਬ ਦੀਆਂ ਆਸ਼ਾ ਵਰਕਰ ਅਤੇ ਫਸੀਲੀਟੇਟਰਾਂ : ਪੰਜੋਲਾ

Primekhabar Ashaworkers

10 ਤਰੀਕ ਤੱਕ ਪੇਮੈਂਟਾਂ ਨਾ ਪਈਆਂ ਤਾਂ ਸੰਘਰਸ਼ ਲਈ ਹੋਣਗੀਆਂ ਮਜਬੂਰ

ਹੰਡਿਆਇਆ-6ਸਤੰਬਰ(ਰਾਕੇਸ਼ ਜੇਠੀ)- ਹੜਾਂ ਦੀ ਮਾਰ ਕਾਰਨ ਪੰਜਾਬ ਬਹੁਤ ਹੀ ਮੁਸ਼ਕਿਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ। ਅਜਿਹੀ ਵਿੱਚ ਸੂਬੇ ਭਰਦੀਆਂ ਆਸ਼ਾ ਵਰਕਰ ਅਤੇ ਫਸੀਲੀਟੇਟਰਾਂ ਵੱਲੋਂ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਦੇ ਨਾਲ ਨਿਭਾਈਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਆਸ਼ਾ ਵਰਕਰ ਅਤੇ ਫੈਸਲੀਟੇਟਰ ਯੂਨੀਅਨ ਪੰਜਾਬ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸੂਬੇ ਭਰਦੀਆਂ ਆਸ਼ਾ ਵਰਕਰਾਂ ਅਤੇ ਫਸੀਲੀਟੇਟਰਾਂ ਲੋਕਾਂ ਦੇ ਨਾਲ ਖੜੀਆਂ ਹਨ, ਪ੍ਰਭਾਵਿਤ ਹੋਏ ਜਿਲਿਆਂ ਦੇ ਵਿੱਚ ਜਿਵੇਂ ਕਿ ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ ਆਦਿ ਇਲਾਕਿਆਂ ਦੇ ਵਿੱਚ 24 ਘੰਟੇ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਜਿੱਥੇ ਸਿਹਤ ਵਿਭਾਗ ਦਿਨ ਰਾਤ ਸੇਵਾ ਕਰ ਰਿਹਾ ਹੈ, ਉੱਥੇ ਮੁਢਲੀ ਕਤਾਰ ਦੇ ਵਿੱਚ ਆਸ਼ਾ ਵਰਕਰ ਅਤੇ ਫਸੀਲੀਟੇਟਰਾਂ ਸਿਹਤ ਸੇਵਾਵਾਂ ਅਤੇ ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹਈਆ ਕਰਵਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਉੱਤੇ ਕਿਸੇ ਵੀ ਤਰ੍ਹਾਂ ਦਾ ਮੁਸ਼ਕਿਲ ਦੌਰ ਆਇਆ ਹੋਵੇ, ਭਾਵੇਂ ਕਿ ਕਰੋਨਾ ਮਹਾਂਮਾਰੀ, ਸੰਧੂਰ ਵਰਗੀ ਜੰਗ ਵਿੱਚ ਵੀ ਆਸ਼ਾ ਵਰਕਰਾਂ ਮੁਢਲੀ ਕਤਾਰ ਵਿੱਚ ਡਿਊਟੀ ਨਿਭਾਉਂਦੀਆਂ ਰਹੀਆਂ, ਪਰੰਤੂ ਅਫਸੋਸ ਦੀ ਗੱਲ ਹੈ ਕਿ ਸੇਵਾ ਕਰਨ ਵਾਲੀਆਂ ਇਹਨਾਂ ਵਰਕਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਹੀ ਨਹੀਂ ਮਿਲੀ। ਜਿਸ ਕਾਰਨ ਆਸ਼ਾ ਵਰਕਰਾਂ ਦੂਰੀ ਮਾਰ ਝੇਲ ਰਹੀਆਂ ਹਨ। ਇਸ ਨਾਜ਼ੁਕ ਦੌਰ ਦੇ ਵਿੱਚ ਹਰ ਵਿਅਕਤੀ ਨੂੰ ਪੈਸੇ ਦੀ ਬਹੁਤ ਲੋੜ ਹੈ, ਜੇਕਰ ਆਸ਼ਾ ਨੂੰ ਤਨਖਾਹ ਹੀ ਨਹੀਂ ਮਿਲੇਗੀ, ਤਾਂ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰੇਗੀ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਉਣ ਵਾਲੀ 10 ਸਤੰਬਰ ਤੱਕ ਆਸ਼ਾ ਵਰਕਰਜ ਅਤੇ ਫਸੀਲੀਟੇਟਰਾਂ ਦੀਆਂ ਤਨਖਾਹਾਂ ਪਾਈਆਂ ਜਾਣ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਸੰਘਰਸ਼ ਦੇ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਦੇਖਦਿਆਂ ਉਨਾਂ ਨੇ ਹਰ ਤਰ੍ਹਾਂ ਦੇ ਧਰਨੇ ਮੁਜ਼ਾਹਰੇ ਮੁਲਤਵੀ ਕਰ ਦਿੱਤੇ ਸਨ, ਪਰੰਤੂ ਆਸ਼ਾ ਅਤੇ ਫਸਿਲੀਟੇਟਰਾਂ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਕਿਹਾ ਕਿ ਉਹ ਸੂਬੇ ਦੀ ਹਰ ਸਮਾਜ ਸੇਵੀ ਸੰਸਥਾ ਦੇ ਧੰਨਵਾਦੀ ਹਨ, ਜਿਹੜੀਆਂ ਆਪ ਮੁਹਾਰੇ ਸੂਬੇ ਦੀ ਸੇਵਾ ਦੇ ਵਿੱਚ ਲੱਗੀਆਂ ਹਨ। ਇਸ ਤੋਂ ਇਲਾਵਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਜਾਏ ਵੀ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ, ਉਹਨਾਂ ਦਾ ਵੀ ਦੇਣ ਨਹੀਂ ਦਿੱਤਾ ਜਾ ਸਕਦਾ। ਇਸ ਮੌਕੇ ਉਹਨਾਂ ਨਾਲ ਜ਼ਿਲਾ ਪ੍ਰਧਾਨ ਪਵਨਪ੍ਰੀਤ ਕੌਰ, ਲਖਬੀਰ ਕੌਰ, ਸਿਮਰਜੀਤ ਕੌਰ, ਅਮਨਦੀਪ ਕੌਰ ਅਤੇ ਗੁਰਜੀਤ ਕੌਰ ਵੀ ਹਾਜ਼ਰ ਸਨ।

About The Author

You may have missed