ਸੀਵਰੇਜ ਬੋਰਡ ਦੀ ਲਾਪਰਵਾਹੀ ਨੇ ਸਰਕਾਰੀ ਹਸਪਤਾਲ ਅਤੇ ਜਲ ਵਿਭਾਗ ਦਫਤਰ ਨੂੰ ਬਣਾਇਆ ਗੰਦੇ ਪਾਣੀ ਦਾ ਛੱਪੜ….ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ

ਜਲ ਤੇ ਸੀਵਰੇਜ ਵਿਭਾਗ ਦੇ ਦਫਤਰ ਦਾ ਦ੍ਰਿਸ਼
ਹੰਡਿਆਇਆ-31ਜੁਲਾਈ (ਰਾਕੇਸ਼ ਜੇਠੀ)-ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਸਰਕਾਰੀ ਹਸਪਤਾਲ ਹੰਡਿਆਇਆ ਅਤੇ ਜਲ ਵਿਭਾਗ ਦਫਤਰ ਗੰਦੇ ਪਾਣੀ ਦੇ ਛੱਪੜ ਵਿੱਚ ਤਬਦੀਲ ਹੋ ਚੁੱਕਿਆ ਹੈ। ਇਸ ਸਮੱਸਿਆ ਬਾਰੇ ਪ੍ਰਮੁਖਤਾ ਨਾਲ ਸਾਡੇ ਵੈਬ ਚੈਨਲ ਦੁਆਰਾ ਦੋ ਵਾਰ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਪਰੰਤੂ ਇਸ ਸਬੰਧੀ ਅਜੇ ਤੱਕ ਸੀਵਰੇਜ ਵਿਭਾਗ ਵੱਲੋਂ ਅਤੇ ਉੱਚ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਕਦਮ ਨਹੀਂ ਚੁੱਕੇ ਗਏ। ਜਿਸ ਕਾਰਨ ਸਰਕਾਰੀ ਹਸਪਤਾਲ ਹੰਡਿਆਇਆ ਅਤੇ ਜਲ ਵਿਭਾਗ ਦਫਤਰ ਗੰਦੇ ਪਾਣੀ ਦੇ ਛੱਪੜ ਵਿੱਚ ਤਬਦੀਲ ਹੋ ਚੁੱਕਿਆ ਹੈ। ਆਉਣ ਜਾਣ ਵਾਲੀ ਸਾਰੀ ਸੜਕ ਨੂੰ ਸੀਵਰੇਜ ਦੇ ਗੰਦੇ ਪਾਣੀ ਨੇ ਢੱਕ ਰੱਖਿਆ ਹੈ ਜਿੱਥੋਂ ਕਿਸੇ ਵੀ ਪੈਦਲ ਯਾਤਰੀ ਦਾ ਲੰਘਣਾ ਅਸੰਭਵ ਪ੍ਰਤੀਤ ਹੁੰਦਾ ਹੈ।
ਜਦੋਂ ਇਸ ਸਬੰਧੀ ਸਰਕਾਰੀ ਹਸਪਤਾਲ ਦੇ ਐਸਐਮਓ ਸਤਵੰਤ ਸਿੰਘ ਔਜਲਾ ਨਾਲ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਸਬੰਧੀ ਬਿਲਕੁਲ ਅਣਜਾਣ ਹਨ ਅਤੇ ਉਹਨਾਂ ਦੇ ਕਰਮਚਾਰੀਆਂ ਦੁਆਰਾ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਵੀਡੀਓ ਦੇਖਣ ਤੋਂ ਬਾਅਦ ਉਹਨਾਂ ਕਿਹਾ ਕਿ ਅਜਿਹੇ ਮਾਹੌਲ ਦੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹੇਗਾ। ਉਹ ਜਲਦੀ ਹੀ ਇਸ ਸਬੰਧੀ ਬਣਦੀ ਕਾਰਵਾਈ ਕਰਨਗੇ।

ਸਰਕਾਰੀ ਹਸਪਤਾਲ ਦਾ ਦ੍ਰਿਸ਼
ਇਸ ਸਬੰਧੀ ਕਾਰਜ ਸਾਧਕ ਅਫਸਰ ਵਿਸ਼ਾਲ ਦੀਪ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਪਹਿਲਾਂ ਵੀ ਕਈ ਵਾਰ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਪ੍ਰੰਤੂ ਉਹਨਾਂ ਵੱਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹ ਜਲਦ ਹੀ ਦੁਬਾਰਾ ਇਸ ਸਬੰਧੀ ਸੀਵਰੇਜ ਵਿਭਾਗ ਦੇ ਐਕਸੀਅਨ ਨਾਲ ਗੱਲਬਾਤ ਕਰਨਗੇ।

