ਵਿਦਿਆਰਥੀ ਜੀਵਨ ਅਤੇ ਮਾਨਸਿਕ ਸਿਹਤ — ਇੱਕ ਅਣਕਹੀ ਲੋੜ

ਲੇਖਕ: ਡਾ. ਜਤਿੰਦਰ ਜੋਸ਼ੀ
ਜਦੋਂ ਅਸੀਂ ਵਿਦਿਆਰਥੀ ਜੀਵਨ ਬਾਰੇ ਗੱਲ ਕਰਦੇ ਹਾਂ, ਤਾਂ ਅਕਸਰ ਅਕਾਦਮਿਕ ਨੰਬਰ, ਪ੍ਰੀਖਿਆਵਾਂ, ਸਫਲਤਾ ਦੀਆਂ ਮਿਠੀਆਂ ਕਹਾਣੀਆਂ, ਮਕਾਬਲੇ ਦੀ ਦੌੜ ਜਾਂ ਆਉਣ ਵਾਲੇ ਭਵਿੱਖ ਦੀ ਚਿੰਤਾ ਵਿੱਚ ਹੀ ਰੁੱਝ ਜਾਂਦੇ ਹਾਂ। ਪਰ ਇਹ ਵੀ ਸੱਚ ਹੈ ਕਿ ਇਨ੍ਹਾਂ ਸਾਰੀਆਂ ਉਮੀਦਾਂ ਦੇ ਥੱਲੇ ਕਈ ਵਾਰ ਇੱਕ ਵਿਦਿਆਰਥੀ ਦਾ ਮਨ ਚੀਕ ਚੀਕ ਕੇ ਕਹਿੰਦਾ ਹੈ — “ਮੇਰੀ ਸੁਣੋ ਵੀ।”
ਮਾਨਸਿਕ ਸਿਹਤ ਦੀ ਅਣਗੋਲਤ ਦੁਨੀਆਂ ਅੱਜ ਦੇ ਬੱਚਿਆਂ ਲਈ ਇੱਕ ਮਹਾਨ ਚੁਣੌਤੀ ਬਣ ਚੁੱਕੀ ਹੈ। ਅਸੀਂ ਆਉਂਦੇ ਸਮੇਂ ਦੀਆਂ ਤਿਆਰੀਆਂ ਕਰਵਾਉਂਦੇ ਕਰਵਾਉਂਦੇ ਬੱਚਿਆਂ ਦੀ ਅੰਦਰਲੀ ਅਹਿਸਾਸੀ ਦੁਨੀਆਂ ਨੂੰ ਅਣਦੇਖਾ ਕਰ ਰਹੇ ਹਾਂ।
ਮਾਨਸਿਕ ਤਣਾਅ: ਅਖ਼ਬਾਰਾਂ ਦੀ ਖ਼ਬਰ ਨਹੀਂ, ਰੋਜ਼ਾਨਾ ਦੀ ਹਕੀਕਤ
ਇੱਕ ਆਮ ਵਿਦਿਆਰਥੀ ਸਵੇਰੇ 6 ਵਜੇ ਉੱਠਦਾ ਹੈ, ਦਿਨ ਭਰ ਸਕੂਲ, ਕੋਚਿੰਗ, ਹੋਮਵਰਕ, ਪ੍ਰੈਸ਼ਰ ਅਤੇ ਫਿਰ ਰਾਤ ਦੀ ਪੜਾਈ — ਇਹ ਸਿਲਸਿਲਾ ਹਰ ਰੋਜ਼ ਚਲਦਾ ਹੈ। ਇਨ੍ਹਾਂ ਸਭ ਵਿਚਕਾਰ ਕਿਤੇ ਵੀ “ਮਨ ਦੀ ਸੁਣਵਾਈ” ਨਹੀਂ ਹੋ ਰਹੀ। ਬੱਚਿਆਂ ਦੀਆਂ ਅੱਖਾਂ ਵਿਚ ਥਕਾਵਟ ਹੈ, ਪਰ ਉਮੀਦਾਂ ਵਿਚ ਅੱਗ। ਮਾਪਿਆਂ ਦੀਆਂ ਲੋੜਾਂ ਉਨ੍ਹਾਂ ਲਈ ਬੋਝ ਬਣ ਰਹੀਆਂ ਹਨ।
ਜਦ ਤਕ ਕੋਈ ਹਾਦਸਾ ਨਾ ਹੋ ਜਾਵੇ — ਜਿਵੇਂ ਕਿ ਬੱਚੇ ਦਾ ਤਣਾਅ ਚੜ੍ਹਨਾ, ਵਿਹਲਾਪ ਕਰਨਾ ਜਾਂ ਖੁਦਨੁੁੁਕਸੀ ਵਾਲੀ ਸੋਚ — ਅਸੀਂ ਅਕਸਰ ਇਹ ਮੰਨਣ ਤੋਂ ਇਨਕਾਰ ਕਰ ਦਿੰਦੇ ਹਾਂ ਕਿ “ਮਨ ਵੀ ਬੀਮਾਰ ਹੋ ਸਕਦਾ ਹੈ।”
ਅਸਲ ਲੜਾਈ — ਗੱਲ ਨਾ ਕਰ ਪਾਉਣ ਦੀ
ਜਿਹੜਾ ਵਿਦਿਆਰਥੀ ਕਲਾਸ ਵਿੱਚ ਬਹੁਤ ਸੋਹਣਾ ਜਵਾਬ ਦਿੰਦਾ ਹੈ, ਹੋ ਸਕਦਾ ਹੈ ਉਹ ਰਾਤ ਨੂੰ ਚੁੱਪ-ਚਾਪ ਰੋ ਰਿਹਾ ਹੋਵੇ। ਜਿਹੜਾ ਦੋਸਤਾਂ ਵਿੱਚ ਹੱਸਦਾ ਹੈ, ਹੋ ਸਕਦਾ ਹੈ ਅੰਦਰੋਂ ਖਾਲੀ ਹੋਵੇ। ਮਾਨਸਿਕ ਤਣਾਅ ਦੇ ਇਨ੍ਹਾਂ ਲੱਛਣਾਂ ਨੂੰ ਸਮਝਣ ਅਤੇ ਸਵੀਕਾਰ ਕਰਨ ਦੀ ਲੋੜ ਹੈ।
ਅਸੀਂ ਅਕਸਰ ਸੋਚਦੇ ਹਾਂ ਕਿ “ਇਹ ਤਾਂ ਸਭ ਦੇ ਨਾਲ ਹੁੰਦਾ ਹੈ”, “ਇਸ ਉਮਰ ਵਿੱਚ ਇਹ ਸਾਰਾ ਤਣਾਅ ਆਮ ਹੈ”, ਪਰ ਇਹ ਆਮ ਨਹੀਂ — ਇਹ ਚਿੰਤਾਜਨਕ ਹੈ।
ਮਾਨਸਿਕ ਤੰਦਰੁਸਤੀ ਦੀ ਸੰਰਚਨਾ — ਚਾਰ ਪੱਧਰ
1. ਮਨ ਦੀ ਸੁਣਵਾਈ: ਵਿਦਿਆਰਥੀ ਆਪਣੇ ਮਨ ਦੀ ਗੱਲ ਕਿਸੇ ਨਾਲ ਖੁੱਲ੍ਹ ਕੇ ਕਰ ਸਕਣ।
2. ਸਹਿਯੋਗੀ ਪਰਿਵਾਰ ਅਤੇ ਅਧਿਆਪਕ: ਘਰ ਅਤੇ ਸਕੂਲ, ਦੋਹਾਂ ਥਾਵਾਂ ਉਤੇ ਮਨੋਵਿਗਿਆਨਕ ਸਮਝ ਹੋਣੀ ਚਾਹੀਦੀ ਹੈ।
3. ਸਥਿਰ ਰੁਟਿਨ: ਪੂਰੀ ਨੀਂਦ, ਖੇਡਾਂ, ਮਨਪਸੰਦ ਗਤੀਵਿਧੀਆਂ, ਸਿਹਤਮੰਦ ਖੁਰਾਕ।
4. ਮਾਨਸਿਕ ਸਲਾਹ: ਜਦ ਲੋੜ ਪਏ, ਮਾਨਸਿਕ ਸਿਹਤ ਵਿਸ਼ੇਸ਼ਗਿਆ ਦੀ ਸਲਾਹ ਲੈਣੀ ਕਮਜ਼ੋਰੀ ਨਹੀਂ — ਸਹੀ ਦਿਸ਼ਾ ਹੈ।
ਅਧਿਆਪਕ ਅਤੇ ਮਾਪਿਆਂ ਦੀ ਦੋਹਰੀ ਭੂਮਿਕਾ
ਮਾਪੇ ਅਤੇ ਅਧਿਆਪਕ ਸਿਰਫ਼ ਅੰਕਾਂ ਦੀ ਲੋੜ ਨਾ ਬਣਨ, ਬਲਕਿ “ਸੰਵੇਦਨਸ਼ੀਲ ਸੁਣਨਹਾਰ” ਬਣਨ। ਕਿਸੇ ਵਿਦਿਆਰਥੀ ਦੇ ਮਨ ਵਿਚ ਜੋ ਕੁਝ ਚੱਲ ਰਿਹਾ ਹੈ, ਉਹ ਗੱਲ ਕਰਕੇ ਹੀ ਸਮਝਿਆ ਜਾ ਸਕਦਾ ਹੈ।
ਮਾਪੇ ਆਪਣੇ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਨਾ ਕਿ ਸਿਰਫ਼ “ਬਚਪਨ ਵਿੱਚ ਸਾਡੀ ਵੀ ਇਹੀ ਹਾਲਤ ਸੀ” ਕਹਿ ਕੇ ਚੁੱਪ ਕਰਵਾ ਦੇਣ।
ਅਧਿਆਪਕਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਕਈ ਵਾਰ ਕਲਾਸ ਵਿੱਚ ਹੱਸਦਾ ਵਿਦਿਆਰਥੀ ਘਰ ਚ ਜਾ ਕੇ ਰੋ ਰਿਹਾ ਹੁੰਦਾ ਹੈ।
ਅਖੀਰ ਦਾ ਸੰਦੇਸ਼
ਮਾਨਸਿਕ ਸਿਹਤ, ਕਿਸੇ ਵੀ ਵਿਦਿਆਰਥੀ ਦੀ ਸਫਲਤਾ, ਆਤਮ-ਗੌਰਵ ਅਤੇ ਭਵਿੱਖ ਦੀ ਨੀਂਹ ਹੈ। ਜੇ ਅਸੀਂ ਇਹ ਨੀਂਹ ਮਜ਼ਬੂਤ ਕਰ ਦਿਆਂ, ਤਾਂ ਬਚੇ ਕਿਸੇ ਵੀ ਇਮਤਿਹਾਨ ਨੂੰ ਨਾ ਸਿਰਫ਼ ਪਾਸ ਕਰਦੇ ਹਨ, ਬਲਕਿ ਜ਼ਿੰਦਗੀ ਨੂੰ ਵੀ ਖੁਸ਼ਹਾਲੀ ਨਾਲ ਜੀਉਂਦੇ ਹਨ।
ਆਓ, ਅਸੀਂ ਸਾਰੇ ਮਿਲ ਕੇ ਇਹ ਸੁਨੇਹਾ ਫੈਲਾਈਏ —
“ਮਨ ਦੀ ਚੁਪ ਵੀ ਸੁਣੋ, ਓਸੇ ‘ਚ ਬੱਚੇ ਦੀ ਅਸਲ ਜ਼ਿੰਦਗੀ ਵਸਦੀ ਹੈ।”
