ਇਮਾਨਦਾਰੀ ਅਜੇ ਜਿੰਦਾ ਹੈ, ਲੱਭਿਆ ਆਈਫੋਨ16 ਕੀਤਾ ਮਾਲਕ ਨੂੰ ਵਾਪਸ

ਹੰਡਿਆਇਆ-11ਜੁਲਾਈ- ਸਮਾਜ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਮੌਜੂਦ ਹਨ। ਕੁਝ ਲੋਕ ਹੋਰਾਂ ਨਾਲ ਚੋਰੀਆਂ ਠੱਗੀਆਂ ਕਰਕੇ ਅਮੀਰ ਬਣਨ ਦੀ ਕੋਸ਼ਿਸ਼ ਕਰਦੇ ਹਨ ਪਰੰਤੂ ਅਜੇ ਵੀ ਕੁਝ ਲੋਕ ਆਪਣੇ ਹੱਕ ਦਾ ਖਾਣਾ ਹੀ ਪਸੰਦ ਕਰਦੇ ਹਨ। ਅਜਿਹਾ ਇੱਕ ਮਾਮਲਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਕਸਬਾ ਹੰਡਿਆਇਆ ਦੇ ਕੁਲਦੀਪ ਧਾਲੀਵਾਲ ਨੂੰ ਸੰਗਰੂਰ ਰੋਡ ਤੋਂ ਇੱਕ ਆਈਫੋਨ16 ਡਿੱਗਿਆ ਹੋਇਆ ਮਿਲਿਆ। ਉਹਨਾਂ ਦੇ ਮਨ ਵਿੱਚ ਮਹਿੰਗੇ ਫੋਨ ਪ੍ਰਤੀ ਕੋਈ ਲਾਲਚ ਨਹੀਂ ਜਾਗਿਆ ਬਲਕਿ ਉਹਨਾਂ ਨੇ ਇਸ ਫੋਨ ਦੇ ਅਸਲੀ ਮਾਲਕ ਭੁਪਿੰਦਰ ਸਿੰਘ ਨੂੰ ਲੱਭ ਕੇ ਫੋਨ ਉਹਨਾਂ ਦੇ ਸਪੁਰਦ ਕਰ ਦਿੱਤਾ। ਇਸ ਮੌਕੇ ਭੁਪਿੰਦਰ ਸਿੰਘ ਨੇ ਕੁਲਦੀਪ ਧਾਲੀਵਾਲ ਅਤੇ ਉਨਾਂ ਦੇ ਦੋਸਤ ਮਨਜੀਤ ਧਾਲੀਵਾਲ ਦਾ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਬੀਤੀ ਰਾਤ ਉਹਨਾਂ ਦਾ ਇਹ ਫੋਨ ਡਿਊਟੀ ਤੋਂ ਘਰ ਵਾਪਸ ਆਉਦੇ ਸਮੇਂ ਕਿਤੇ ਗਿਰ ਗਿਆ ਸੀ।