“ਮਹਿਲਾਵਾਂ ਲਈ ਨਵੀਂ ਯੋਜਨਾ ਦਾ ਐਲਾਨ, ਪ੍ਰੈੱਸ ਕਾਨਫਰੰਸ ‘ਚ ਸਿਆਸੀ ਤੀਖੇ ਤੀਰ ਵੀ ਚਲੇ

ਬਰਨਾਲਾ- 11 ਮਾਰਚ(ਰਾਕੇਸ਼ ਜੇਠੀ):- ਆਮ ਆਦਮੀ ਪਾਰਟੀ ਦੇ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਦੀ “ਮਾਵਾਂ-ਧੀਆਂ ਸਤਿਕਾਰ ਯੋਜਨਾ” ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਲਈ ਲਗਭਗ 9300 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਤਹਿਤ ਜਨਰਲ ਕੈਟਾਗਰੀ ਦੀਆਂ ਮਹਿਲਾਵਾਂ ਨੂੰ 1000 ਰੁਪਏ ਅਤੇ ਐਸ.ਸੀ. ਕੈਟਾਗਰੀ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਵਿਸਾਖੀ ਦੇ ਦਿਨ 13 ਅਪ੍ਰੈਲ 2026 ਤੋਂ ਸ਼ੁਰੂ ਕੀਤੀ ਜਾਵੇਗੀ। ਭੰਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਦਿੱਤੀਆਂ ਗਈਆਂ ਗਰੰਟੀਆਂ ਨੂੰ ਪੂਰਾ ਕਰਨ ਲਈ ਲਗਾਤਾਰ ਕਦਮ ਚੁੱਕੇ ਹਨ ਅਤੇ ਕਈ ਅਜਿਹੇ ਕੰਮ ਵੀ ਕੀਤੇ ਹਨ ਜੋ ਚੋਣਾਂ ਦੌਰਾਨ ਵਾਅਦੇ ਵਿੱਚ ਵੀ ਸ਼ਾਮਲ ਨਹੀਂ ਸਨ।
ਇਸ ਦੌਰਾਨ ਉਨ੍ਹਾਂ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਦੇ ਉਸ ਬਿਆਨ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਜਿਸ ਵਿੱਚ ਖਹਿਰਾ ਨੇ ਕਿਹਾ ਸੀ ਕਿ “ਜਿਹੜੀਆਂ ਔਰਤਾਂ ਹਜ਼ਾਰ ਰੁਪਏ ਲਈ ਗਿੱਧਾ ਪਾ ਰਹੀਆਂ ਹਨ, ਉਹ ਕਿੱਥੋਂ ਸੂਰਮੇ ਜੰਮਣਗੀਆਂ।” ਭੰਗੂ ਨੇ ਕਿਹਾ ਕਿ ਖਹਿਰਾ ਚਾਂਦੀ ਦੇ ਚਮਚ ਨਾਲ ਜੰਮੇ ਹਨ, ਇਸ ਲਈ ਉਨ੍ਹਾਂ ਨੂੰ 1000-1500 ਰੁਪਏ ਦੀ ਅਹਿਮੀਅਤ ਦਾ ਅਹਿਸਾਸ ਨਹੀਂ ਹੋ ਸਕਦਾ, ਪਰ ਇੱਕ ਗਰੀਬ ਪਰਿਵਾਰ ਲਈ ਹਰ ਮਹੀਨੇ ਮਿਲਣ ਵਾਲੀ ਇਹ ਰਕਮ ਵੱਡੀ ਰਾਹਤ ਹੁੰਦੀ ਹੈ। ਉਨ੍ਹਾਂ ਕਾਂਗਰਸ ਦੇ ਆਲਾ ਕਮਾਨ ਨੂੰ ਅਪੀਲ ਕੀਤੀ ਕਿ ਆਪਣੇ ਆਗੂਆਂ ਦੇ ਬਿਆਨਾਂ ‘ਤੇ ਕੰਟਰੋਲ ਕੀਤਾ ਜਾਵੇ ਕਿਉਂਕਿ ਅਜਿਹੇ ਬਿਆਨ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਭੰਗੂ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੀ ਤੰਜ ਕਸਦਿਆਂ ਕਿਹਾ ਕਿ ਦਿੱਲੀ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਹਰੇਕ ਮਹਿਲਾ ਨੂੰ 2500 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਉਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ।
ਇਸ ਦੌਰਾਨ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਪੱਤਰਕਾਰਾਂ ਵੱਲੋਂ ਵੀ ਤੰਜ ਭਰੇ ਅੰਦਾਜ਼ ਵਿੱਚ ਸਵਾਲ ਕੀਤਾ ਗਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲਾ ਵਾਅਦਾ ਚਾਰ ਸਾਲ ਬਾਅਦ ਹੀ ਕਿਉਂ ਯਾਦ ਆਇਆ, ਅਤੇ ਚੋਣਾਂ ਵੇਲੇ ਤਾਂ ਇਸ ਸਹਾਇਤਾ ਲਈ ਕੋਈ ਸ਼ਰਤ ਨਹੀਂ ਦੱਸੀ ਗਈ ਸੀ, ਪਰ ਹੁਣ ਸਕੀਮ ਲਾਗੂ ਕਰਦੇ ਸਮੇਂ ਕਈ ਤਰ੍ਹਾਂ ਦੀਆਂ ਸ਼ਰਤਾਂ ਜੋੜ ਦਿੱਤੀਆਂ ਗਈਆਂ ਹਨ। ਇਸ ਸਵਾਲ ਦੇ ਜਵਾਬ ਵਿੱਚ ਭੰਗੂ ਨੇ ਪ੍ਰਧਾਨ ਮੰਤਰੀ ਦੇ 15 ਲੱਖ ਰੁਪਏ ਵਾਲੇ ਬਿਆਨ ਦਾ ਹਵਾਲਾ ਦੇ ਕੇ ਗੱਲ ਨੂੰ ਟਾਲ ਦਿੱਤਾ।
ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਇੰਚਾਰਜ ਨਸ਼ਾ ਸ਼ਰਮਾ ਵੀ ਮੌਜੂਦ ਸਨ।
