ਅਗਿਆਤ ਵਾਹਣ ਦੀ ਟੱਕਰ ਨਾਲ ਸਕੂਟਰੀ ਸਵਾਰ ਦੀ ਮੌਤ

ਹੰਡਿਆਇਆ -22 ਜੂਨ – ਹੰਡਿਆਇਆ ਕੈਂਚੀਆਂ ਦੇ ਨਜ਼ਦੀਕ ਇੱਕ ਸਕੂਟਰੀ ਸਵਾਰ ਦੇ ਅਗਿਆਤ ਵਾਹਨ ਦੁਆਰਾ ਟੱਕਰ ਮਾਰ ਦਿੱਤੇ ਜਾਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਗੁਰਬਖਸ਼ੀਸ ਸਿੰਘ ਨੇ ਦੱਸਿਆ ਕਿ ਗਸ਼ਤ ਦੇ ਦੌਰਾਨ ਉਹਨਾਂ ਨੂੰ ਹੰਡਿਆਇਆ ਚੌਂਕ ਦੇ ਨਜ਼ਦੀਕ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਬੇਹੋਸ਼ ਮਿਲਿਆ। ਜਿਸ ਨੂੰ ਉਹਨਾਂ ਦੁਆਰਾ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾ ਦਿੱਤਾ ਗਿਆ। ਜਿਸ ਦੀ ਪਹਿਚਾਨ ਵਿਪਨ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਬਰਨਾਲਾ ਦੇ ਤੌਰ ਤੇ ਹੋਈ। ਉਹਨਾਂ ਦੱਸਿਆ ਕਿ ਉਸ ਵਿਅਕਤੀ ਕੋਲੋਂ 94 ਹਜਾਰ ਨਗਦ ਰਾਸ਼ੀ, ਇੱਕ ਟੱਚ ਫੋਨ ਅਤੇ ਕੁਝ ਜਰੂਰੀ ਦਸਤਾਵੇਜ਼ ਪ੍ਰਾਪਤ ਹੋਏ, ਜਿਸ ਨੂੰ ਵਿਪਨ ਕੁਮਾਰ ਦੇ ਭਰਾ ਜਸਪਾਲ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਆਹਤਾ ਨਰਾਇਣ ਸਿੰਘ ਬਰਨਾਲਾ ਨੂੰ ਸੌਂਪ ਦਿੱਤਾ ਗਿਆ। ਮ੍ਰਿਤਕ ਦੇ ਭਰਾ ਜਸਪਾਲ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੇ ਭਰਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਬਰਨਾਲਾ ਨੇ ਫਰੀਦਕੋਟ ਰੈਫਰ ਕਰ ਦਿੱਤਾ ਸੀ ਪ੍ਰੰਤੂ ਰਸਤੇ ਵਿੱਚ ਹੀ ਵਿਪਨ ਕੁਮਾਰ ਦੀ ਮੌਤ ਹੋ ਗਈ।
ਜਦੋਂ ਇਸ ਸਬੰਧੀ ਸਿਟੀ ਟੂ ਇਨਚਾਰਜ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਥਾਣੇ ਨੂੰ ਸਰਕਾਰੀ ਹਸਪਤਾਲ ਵੱਲੋਂ ਜਾਂ ਪਰਿਵਾਰ ਵੱਲੋਂ ਇਸ ਹਾਦਸੇ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਕੇਵਲ ਉਨਾਂ ਨੂੰ ਪੱਤਰਕਾਰ ਦੁਆਰਾ ਫੋਨ ਕੀਤੇ ਜਾਣ ਨਾਲ ਹੀ ਪਤਾ ਲੱਗੀ ਹੈ।