ਸੀਵਰੇਜ ਦੇ ਵਰਕਰਾਂ ਦੀ ਹੜਤਾਲ ਨਾਲ ਆਮ ਲੋਕ ਪਰੇਸ਼ਾਨ, ਪਰ ਸਰਕਾਰ ਖੇਡ ਰਹੀ ਮੀਟਿੰਗ-ਮੀਟਿੰਗ

0
PrimeKhabarPunjab Salani Patti

ਹੰਡਿਆਇਆ -24 ਜੂਨ -ਆਮ ਤੌਰ ਤੇ ਲੋਕਾਂ ਦੇ ਘਰ ਦਾ ਪਾਣੀ ਸੀਵਰੇਜ ਵਿੱਚ ਜਾਂਦਾ ਹੈ ਪ੍ਰੰਤੂ ਕਸਬਾ ਹੰਡਿਆਇਆ ਤੇ ਸਲਾਣੀ ਪੱਤੀ ਵਾਰਡ ਨੰਬਰ ਇੱਕ ਵਿੱਚ ਸੀਵਰੇਜ ਦਾ ਪਾਣੀ ਕੁਝ ਘਰਾਂ ਅੰਦਰ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਹੱਲਾ ਨਿਵਾਸੀ ਬਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਅੱਗੇ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸੜਕ ਤੇ ਫੈਲ ਚੁੱਕਾ ਹੈ ਅਤੇ ਇਹ ਗੰਦਾ ਪਾਣੀ ਉਹਨਾਂ ਦੇ ਘਰ ਅੰਦਰ ਜਾਣ ਲੱਗ ਪਿਆ ਹੈ। ਇਸ ਗੰਦੇ ਪਾਣੀ ਕਾਰਨ ਆਲੇ ਦੁਆਲੇ ਮੁਸ਼ਕ ਮਾਰ ਰਿਹਾ ਹੈ। ਇਸ ਬਦਬੂ ਕਾਰਨ ਘਰ ਦੇ ਅੰਦਰ ਰਹਿਣਾ ਮੁਸ਼ਕਲ ਹੋ ਰਿਹਾ ਹੈ ਅਤੇ ਘਰ ਅੱਗੇ ਪਾਣੀ ਦਾ ਛੱਪੜ ਲੱਗ ਜਾਣ ਕਾਰਨ ਘਰ ਤੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਹੈ।

ਉਹਨਾਂ ਕਿਹਾ ਕਿ ਇਹ ਸੀਵਰੇਜ ਦਾ ਪਾਣੀ ਪਿਛਲੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਖੜਾ ਹੈ ਜੋ ਘਰ ਦੀਆਂ ਨੀਵਾਂ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਜੇਕਰ ਬਾਰਿਸ਼ ਹੋ ਜਾਂਦੀ ਹੈ ਤਾਂ ਪਾਣੀ ਦੇ ਨਿਕਾਸ ਦੀ ਕੋਈ ਵਿਵਸਥਾ ਨਹੀਂ ਹੈ ਕਿਉਂਕਿ ਸੀਵਰੇਜ ਓਵਰਫਲੋ ਹੋਣ ਕਾਰਨ ਪਹਿਲਾਂ ਤੋਂ ਹੀ ਪਾਣੀ ਬਾਹਰ ਕੱਢ ਰਿਹਾ ਹੈ। ਸਾਡੇ ਵਾਰ-ਵਾਰ ਕਹਿਣ ਤੋਂ ਬਾਅਦ ਵੀ ਸੀਵਰੇਜ ਦੇ ਗੰਦੇ ਪਾਣੀ ਦਾ  ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਸੀਵਰੇਜ ਦੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ।ਜੇਕਰ ਸੀਵਰੇਜ ਦਾ ਇਹ ਗੰਦਾ ਪਾਣੀ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਕੁਝ ਹੀ ਦਿਨਾਂ ਵਿੱਚ ਆਸ ਪਾਸ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਜਾਣਗੀਆਂ, ਜਿਸ ਦੇ ਜਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਹੋਣਗੇ।

ਉਹਨਾਂ ਅੱਗੇ ਦੱਸਿਆ ਕਿ ਨਗਰ ਪੰਚਾਇਤ ਹੰਡਿਆਇਆ ਦੁਆਰਾ ਪਾਣੀ ਦੀਆਂ ਨਵੀਆਂ ਪਾਈਪਾਂ ਪਾਈਆਂ ਗਈਆਂ ਹਨ ਜੋ ਕਿ ਇਸ ਸੀਵਰੇਜ ਦੀਆਂ ਪਾਈਪਾਂ ਦੇ ਨਾਲ ਹੀ ਪਾਈਆਂ ਗਈਆਂ ਹਨ। ਉਹਨਾਂ ਡਰ ਜਤਾਇਆ ਕਿ ਇਸ ਸੇਵਰੇਜ ਦਾ ਗੰਦਾ ਪਾਣੀ, ਪੀਣ ਵਾਲੇ ਪਾਣੀ ਵਿੱਚ ਰਲ ਕੇ ਲੋਕਾਂ ਵਿੱਚ ਬਿਮਾਰੀਆਂ ਨਾ ਫੈਲਾ ਦੇਵੇ। ਇਸ ਦੀ ਤਾਜ਼ਾ ਮਿਸਾਲ ਬਰਨਾਲਾ ਦੀ ਹੈ। ਜਿੱਥੇ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਘਰਾਂ ਵਿੱਚ ਪਹੁੰਚ ਰਿਹਾ ਹੈ।ਇਸ ਮੌਕੇ ਬਿੰਦਰ ਸਿੰਘ ਦੇ ਨਾਲ ਦਰਸ਼ਨ ਸਿੰਘ, ਜਗਤਾਰ ਸਿੰਘ, ਬੰਤਾ ਸਿੰਘ, ਸੇਵਕ ਸਿੰਘ, ਕੇਸਰ ਸਿੰਘ, ਬੂਟਾ ਸਿੰਘ ਤੋਂ ਇਲਾਵਾ ਹੋਰ ਮਹੱਲਾ ਨਿਵਾਸੀ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *