ਹੰਡਿਆਇਆ ਸਕੂਲ ‘ਚ ਵਿਸ਼ਵ ਵਾਤਾਵਰਣ ਦਿਵਸ ਮੌਕੇ ਲੇਖ ਮੁਕਾਬਲਾ ਕਰਵਾਇਆ,ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਲਈ ਪ੍ਰੇਰਿਆ

ਹੰਡਿਆਇਆ -5 ਜੂਨ – ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਲੇਖ ਮੁਕਾਬਲਾ ਅਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਮੁਖੀ ਰਣਜੀਤ ਸਿੰਘ ਜੰਡੂ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਏ ਗਏ ਅਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਸੈਮੀਨਾਰ ਨੂੰ ਸੰਬੋਧਨ ਕਰਦੇ ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ, ਈਕੋ ਕਲੱਬ ਦੇ ਇੰਚਾਰਜ ਜੋਤੀ ਫੁਟੇਲਾ, ਸਾਇੰਸ ਮਿਸਟ੍ਰੈਸ ਮਨਦੀਪ ਸ਼ਰਮਾ, ਸ. ਸ. ਮਿਸਟ੍ਰੈਸ ਪੂਨਮ ਸ਼ਰਮਾ ਅਤੇ ਸ. ਸ. ਮਾਸਟਰ ਪ੍ਰਿਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਿਸ਼ਵ ਵਾਤਾਵਰਣ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਵਾਤਾਵਰਣ ਵਿਚ ਆ ਰਹੀਆਂ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ । ਬੁਲਾਰਿਆਂ ਨੇ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਵਾਤਾਵਰਣ ਸੰਭਾਲ ਲਈ ਸਾਨੂੰ ਆਪਣੇ ਆਪ ਤੋਂ ਸ਼ੁਰੂਆਤ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਮਨਾਉਣਾ ਤਾਂ ਹੀ ਸਾਰਥਕ ਹੋਵੇਗਾ ਜੇਕਰ ਅਸੀਂ ਵਾਤਾਵਰਣ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਨੂੰ ਪਾਲਣ ਵੱਲ ਧਿਆਨ ਦੇਵਾਂਗੇ । ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ, ਸਪਰੇਆਂ, ਦਰਖੱਤ ਕੱਟਣ ਅਤੇ ਪਾਣੀ ਦੀ ਦੁਰਵਰਤੋਂ ਨੂੰ ਰੋਕ ਕੇ ਅਸੀਂ ਵਾਤਾਵਰਣ ਸੰਭਾਲ ਲਈ ਆਪਣਾ ਯੋਗਦਾਨ ਪਾ ਸਕਦੇ ਹਾਂ। ਇਸ ਮੌਕੇ ਲੈਕ. ਗੁਰਲਾਲ ਸਿੰਘ ਬੋਪਾਰਾਏ, ਸਵਾਤੀ, ਰਾਹੁਲ ਸ਼ਰਮਾ, ਰੁਪਿੰਦਰ ਸਿੰਘ, ਪਵਨ ਕੁਮਾਰ, ਰੀਤੂ ਬਾਲਾ, ਨੇਹਾ ਗਰਗ, ਸੰਦੀਪ ਕੌਰ, ਸਰਬਜੀਤ ਕੌਰ, ਪੁਨੀਤ ਕੁਮਾਰ, ਸੂਬੇਦਾਰ ਪਰਮਜੀਤ ਸਿੰਘ, ਹਰਬੰਸ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।