ਬਰਨਾਲਾ ’ਚ ਹਨੀਟ੍ਰੈਪ ਗਿਰੋਹ ਦਾ ਪਰਦਾਫ਼ਾਸ਼, ਇਕ ਔਰਤ ਸਣੇ 3 ਕਾਬੂ, ਇਕ ਫ਼ਰਾਰ

ਬਰਨਾਲਾ -17 ਮਈ -ਥਾਣਾ ਸਿਟੀ ਟੂ ਬਰਨਾਲਾ ਦੀ ਪੁਲਿਸ ਨੇ ਬਰਨਾਲਾ ਵਿੱਚ ਹਨੀ ਟਰੈਪ ਗਰੋਹ ਦਾ ਪਰਦਾ ਫਾਸ਼ ਕਰਦਿਆਂ ਇੱਕ ਔਰਤ ਸਮੇਤ 4 ਜਣਿਆਂ ਤੇ ਪਰਚਾ ਦਰਜ ਕੀਤਾ ਹੈ। ਜਦੋਂ ਕਿ ਇੱਕ ਨੌਜਵਾਨ ਦੀ ਗ੍ਰਫਤਾਰੀ ਅਜੇ ਬਾਕੀ ਹੈ। ਜਾਣਕਾਰੀ ਦਿੰਦਿਆਂ ਏਐਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪੀੜਿਤ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਇੱਕ ਔਰਤ ਵੱਲੋਂ ਉਸਨੂੰ ਪਹਿਲਾ ਤਾਂ ਕਿਸੇ ਬਹਾਨੇ ਸੇਖਾ ਰੋਡ, ਗਲੀ ਨੰਬਰ ਚਾਰ ਵਿੱਚ ਸਥਿਤ ਆਪਣੇ ਘਰ ਬੁਲਾਇਆ ਗਿਆ। ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੂੰ ਇਹ ਕਹਿੰਦਿਆਂ ਬਿਨਾਂ ਵਜੇ ਰੌਲਾ ਪਾ ਦਿੱਤਾ ਕਿ ਇਹ ਮੇਰੇ ਨਾਲ ਛੇੜਖਾਨੀ ਕਰ ਰਿਹਾ ਹੈ। ਜਿਸ ਤੇ ਤੁਰੰਤ ਤਿੰਨ ਨੌਜਵਾਨ ਉੱਥੇ ਆ ਗਏ, ਜਿਨਾਂ ਨੇ ਆਉਂਦਿਆਂ ਹੀ ਮੇਰਾ ਗਲਾ ਫੜ ਲਿਆ ਅਤੇ ਮੈਨੂੰ ਧਮਕੀਆਂ ਦੇਣ ਲੱਗ ਪਏ ਕਿ ਸਾਨੂੰ ਪੈਸੇ ਦੇ ਨਹੀਂ ਤਾਂ ਤੇਰੀ ਗਲਤ ਵੀਡੀਓ ਬਣਾ ਕੇ ਤੈਨੂੰ ਬਦਨਾਮ ਕਰ ਦੇਵਾਂਗੇ। ਪ੍ਰੰਤੂ ਕਿਸੇ ਤਰ੍ਹਾਂ ਉਹ ਉਥੋਂ ਭੱਜਣ ਵਿੱਚ ਸਫਲ ਹੋ ਗਿਆ ਅਤੇ ਪੁਲਿਸ ਨੂੰ ਆ ਕੇ ਸ਼ਿਕਾਇਤ ਦਿੱਤੀ। ਜਿਸ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਗਰੋਹ ਨੂੰ ਗ੍ਰਿਫਤਾਰ ਕੀਤਾ ਜਿਨਾਂ ਚੋਂ ਮੁੱਖ ਮੁਲਜ਼ਮ ਔਰਤ ਜਸਵੀਰ ਕੌਰ, ਹਰਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਕਿ ਇਹਨਾਂ ਦਾ ਚੌਥਾ ਸਾਥੀ ਦੀਪੇ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।