40 ਕਿਲੋ ਭੁੱਕੀ ਸਮੇਤ ਤਿੰਨ ਗ੍ਰਿਫਤਾਰ

ਮੱਕੀ ਹੇਠ ਲਕੋ ਰੱਖੇ ਸਨ ਭੁੱਕੀ ਦੇ ਗੱਟੇ
ਹੰਡਿਆਇਆ -15 ਮਈ- ਥਾਣਾ ਸਿਟੀ 2 ਅਤੇ ਸੀਆਈਏ ਸਟਾਫ ਬਰਨਾਲਾ ਦੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ 40 ਕਿਲੋ ਭੁੱਕੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਟੀ ਟੂ ਦੇ ਇੰਚਾਰਜ ਐਸਐਚ ਓ ਚਰਨਜੀਤ ਸਿੰਘ ਨੇ ਦੱਸਿਆ ਕਿ ਸਿਟੀ ਟੂ ਪੁਲਿਸ ਦੇ ਏਐਸਆਈ ਜਸਵਿੰਦਰ ਕੁਮਾਰ ਅਤੇ ਸੀਆਈਏ ਸਟਾਫ ਦੇ ਸੁਖਚੈਨ ਸਿੰਘ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਨਾਕਾ ਲਗਾ ਰੱਖਿਆ ਸੀ। ਜਿਨਾਂ ਨੂੰ ਖਾਸ ਮੁਖਬਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਬਾਹਰਲੇ ਸਟੇਟ ਰਾਜਸਥਾਨ ਤੋਂ ਕੁਝ ਲੋਕ ਭੁੱਕੀ ਲਿਆ ਕੇ ਵੇਚਣ ਦੀ ਤਾਕ ਵਿੱਚ ਹਨ, ਜੋ ਇਸ ਸਮੇਂ ਹੰਡਿਆਇਆ ਗਰਿਡ ਦੇ ਸਾਹਮਣੇ ਲੁੱਕ ਪਲਾਂਟ ਵਿੱਚ ਟਰਾਲੇ ਸਮੇਤ ਮੌਜੂਦ ਹਨ। ਜੇਕਰ ਇਸ ਮੌਕੇ ਉਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਭੁੱਕੀ ਸਮੇਤ ਗਿਰਫਤਾਰ ਕੀਤਾ ਜਾ ਸਕਦਾ ਹੈ। ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਿਟੀ ਟੂ ਅਤੇ ਸੀਆਈਏ ਸਟਾਫ ਦੀ ਪੁਲਿਸ ਨੇ ਟਰਾਲੇ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਟਰਾਲਾ ਨੰਬਰ PB13AW 8821 ਵਿੱਚ ਮੱਕੀ ਭਰੇ ਹੋਏ ਸੀ ਪਰੰਤੂ ਤਲਾਸ਼ੀ ਦੌਰਾਨ ਮੱਕੀ ਦੇ ਹੇਠ ਭੁੱਕੀ ਦੇ ਗੱਟੇ ਬਰਾਮਦ ਹੋਏ, ਜਿਸ ਦਾ ਭਾਰ ਤਕਰੀਬਨ 40 ਕਿਲੋ ਸੀ। ਇਸ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨਾਂ ਦੀ ਪਹਿਚਾਨ ਰੇਸ਼ਮ ਸਿੰਘ ਪੁੱਤਰ ਸਾਧੂ ਸਿੰਘ ਜਰਨੈਲ ਸਿੰਘ ਭੋਲਾ ਪੁੱਤਰ ਅਜੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀਆਂਨ ਬਰਨਾਲਾ ਦੇ ਤੌਰ ਤੇ ਹੋਈ ਹੈ। ਉਪਰੋਕਤ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕਰ ਲਿੱਤਾ ਗਿਆ ਹੈ। ਜਿਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਰੇਸ਼ਮ ਸਿੰਘ ਦੇ ਖਿਲਾਫ ਪਹਿਲਾਂ ਤੋਂ ਹੀ ਐਨਡੀਪੀਐਸ ਐਕਟ ਅਧੀਨ ਪਰਚਾ ਦਰਜ ਹੈ।