ਦੋ ਮੋਟਰਸਾਈਕਲ ਚੋਰ ਗ੍ਰਿਫਤਾਰ ਕਰਕੇ 10 ਮੋਟਰਸਾਈਕਲ ਕੀਤੇ ਬਰਾਮਦ, ਤਫਤੀਸ਼ ਜਾਰੀ

ਟੱਲੇਵਾਲ-15ਮਈ-ਥਾਣਾ ਟੱਲੇਵਾਲ ਦੀ ਪੁਲਿਸ ਨੇ ਦੋ ਮੋਟਰਸਾਈਕਲ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ ਕੀਤੇ। ਇਸ ਬਾਰੇ ਜਾਣਕਾਰੀ ਦਿੰਦੇ ਥਾਣਾ ਟੱਲੇਵਾਲ ਦੇ ਐਸਐਚ ਓ ਜਗਜੀਤ ਸਿੰਘ ਨੇ ਦੱਸਿਆ ਕਿ ਖਾਸ ਮੁਖਬਰ ਤੋ ਸੂਚਨਾ ਮਿਲੀ ਕਿ ਬਾਰੂ ਸਿੰਘ ਨਾਮ ਦਾ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਆਦੀ ਹੈ। ਇਸ ਲਈ ਪੁਲਿਸ ਦੁਆਰਾ ਨਾਕਾਬੰਦੀ ਕਰਕੇ ਬਾਰੂ ਸਿੰਘ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ।ਉਸ ਦੇ ਖਿਲਾਫ ਪਰਚਾ ਦਰਜ ਕਰ, ਉਸ ਨੂੰ ਕੋਰਟ ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ। ਦੌਰਾਨ ਪੁੱਛ ਗਿੱਛ ਇਸ ਨੇ ਇੱਕ ਹੋਰ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕਰਵਾਇਆ ਅਤੇ ਬਾਰੂ ਸਿੰਘ ਨੇ ਇੱਕ ਹੋਰ ਵਿਅਕਤੀ ਭਵਨਦੀਪ ਸਿੰਘ ਨੂੰ ਵੀ ਨਾਮਜਦ ਕੀਤਾ। ਜੋ ਕਿ ਇਸੇ ਦੇ ਗਰੋਹ ਦਾ ਹੀ ਮੈਂਬਰ ਸੀ। ਭਵਨਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਅੱਠ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ, ਜੋ ਕਿ ਬੇਆਬਾਦ ਉਜਾੜ ਜਗਾ ਤੇ ਰੱਖੇ ਗਏ ਸਨ। ਐਸ ਐਚ ਓ ਜਗਜੀਤ ਸਿੰਘ ਨੇ ਦੱਸਿਆ ਕਿ ਇਹ ਚੋਰ ਅਕਸਰ ਮੰਡੀ ਵਿੱਚ ਆਉਣ ਵਾਲੇ ਦਿਹਾੜੀਦਾਰ ਮਜ਼ਦੂਰਾਂ ਦੇ ਮੋਟਰਸਾਈਕਲਾਂ ਤੇ ਨਿਗਹਾ ਰੱਖਦੇ ਸਨ ਅਤੇ ਮੌਕਾ ਦੇਖ ਕੇ ਉਸ ਨੂੰ ਚੋਰੀ ਕਰ ਲੈਂਦੇ ਸਨ। ਇਹ ਮੋਟਰਸਾਈਕਲਾਂ ਦੇ ਨੰਬਰ ਪਲੇਟਾਂ ਨੂੰ ਬਦਲ ਕੇ ਅੱਗੇ ਵੇਚ ਦਿੰਦੇ ਸਨ। ਉਹਨਾਂ ਕਿਹਾ ਕਿ ਅਜੇ ਜਾਂਚ ਪੜਤਾਲ ਚੱਲ ਰਹੀ ਹੈ, ਹੋਰ ਖੁਲਾਸੇ ਵੀ ਹੋ ਸਕਦੇ ਹਨ।