ਤੂੜੀ ਨਾਲ ਭਰੀ ਭੁੰਗ ਵਾਲੀ ਟਰਾਲੀ ਨੇ ਮੋਟਰਸਾਈਕਲ ਨੂੰ ਮਾਰੀ ਫੇਟ, ਮੋਟਰਸਾਈਕਲ ਸਵਾਰ ਦੀ ਮੌਤ…

ਮ੍ਰਿਤਕ ਭੋਲਾ ਸਿੰਘ ਦੀ ਫਾਈਲ ਫੋਟੋ
ਹੰਡਿਆਇਆ -28 ਅਪ੍ਰੈਲ- ਕੋਠੇ ਸਰਾਂ ਹੰਡਿਆਇਆ ਵਿਖੇ ਤੂੜੀ ਨਾਲ ਭਰੀ ਭੁੰਗਵਾਲੀ ਟਰਾਲੀ ਅਤੇ ਮੋਟਰ ਸਾਈਕਲ ਦੇ ਐਕਸੀਡੈਂਟ ਹੋ ਜਾਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਭੋਲਾ ਸਿੰਘ ਦੇ ਪੁੱਤਰ ਗੁਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਤੂੜੀ ਵਾਲੀ ਟਰਾਲੀ ਦੇ ਡਰਾਈਵਰ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਗੁਰਦੀਪ ਸਿੰਘ ਦੇ ਬਿਆਨ ਅਨੁਸਾਰ ਭੋਲਾ ਸਿੰਘ ਸਰਾਂ ਕੋਠਿਆਂ ਵੱਲੋਂ ਮੋਟਰਸਾਈਕਲ ਨੰਬਰੀ ਪੀਬੀ 65 ਏਐਮ 2799 ਮਾਰਕਾ ਪਲਟੀਨਾ ਤੇ ਮੈਨੂੰ(ਗੁਰਦੀਪ) ਕੋਠੇ ਸਰਾ ਧਰਮਸ਼ਾਲਾ ਕੋਲੋਂ ਲੈਣ ਆ ਰਿਹਾ ਸੀ ਤਾਂ ਕੋਠੇ ਸਰਾਂ ਵਾਲੀ ਸਾਈਡ ਤੋਂ ਇੱਕ ਟਰੈਕਟਰ ਸੋਨਾਲੀਕਾ ਰੰਗ ਨੀਲਾ ਜਿਸਦੇ ਪਿੱਛੇ ਤੂੜੀ ਨਾਲ ਭਰੀ ਭੁੰਗਵਾਲੀ ਟਰਾਲੀ ਪਾਈ ਹੋਈ ਸੀ। ਜੋ ਬਹੁਤ ਜਿਆਦਾ ਓਵਰਲੋਡ ਸੀ ਅਤੇ ਭੁੰਗ ਟਰਾਲੀ ਦੀਆਂ ਸਾਈਡਾਂ ਤੋਂ ਬਹੁਤ ਜਿਆਦਾ ਬਾਹਰ ਕੱਢਿਆ ਹੋਇਆ ਸੀ। ਉਹ ਬਹੁਤ ਤੇਜ਼ ਰਫਤਾਰ ਨਾਲ ਕੋਠੇ ਸਰਾਂ ਵਾਲੀ ਸਾਈਡ ਤੋਂ ਆ ਰਿਹਾ ਸੀ। ਜਿਸ ਦੇ ਪਿੱਛੇ ਮੇਰੇ ਪਿਤਾ ਭੋਲਾ ਸਿੰਘ ਆਪਣੇ ਮੋਟਰਸਾਈਕਲ ਤੇ ਆ ਰਹੇ ਸਨ ਤਾਂ ਮੇਰੇ ਦੇਖਦੇ ਦੇਖਦੇ ਜਦੋਂ ਮੇਰੇ ਪਿਤਾ ਜੀ ਆਪਣੇ ਮੋਟਰਸਾਈਕਲ ਨੂੰ ਭੁੰਗਵਾਲੀ ਟਰਾਲੀ ਨੂੰ ਕਰੋਸ ਕਰਨ ਲੱਗੇ ਤਾਂ ਟਰੈਕਟਰ ਡਰਾਈਵਰ ਨੇ ਬੜੀ ਤੇਜ਼ ਰਫਤਾਰੀ ਅਤੇ ਅਣਗਹਿਲੀ ਨਾਲ ਇਕਦਮ ਕੱਟ ਮਾਰ ਦਿੱਤਾ। ਜਿਸ ਨਾਲ ਮੇਰੇ ਪਿਤਾ ਦਾ ਮੋਟਰਸਾਈਕਲ ਸੜਕ ਤੇ ਡਿੱਗ ਗਿਆ ਅਤੇ ਮੇਰੇ ਪਿਤਾ ਦਾ ਸਰ ਸੜਕ ਤੇ ਵੱਜਾ। ਮੈਂ ਭੱਜ ਕੇ ਆਪਣੇ ਪਿਤਾ ਭੋਲਾ ਸਿੰਘ ਨੂੰ ਸੰਭਾਲਣ ਲੱਗ ਪਿਆ। ਇਹਨੇ ਵਿੱਚ ਡਰਾਈਵਰ ਟਰੈਕਟਰ ਉਥੇ ਹੀ ਛੱਡ ਕੇ ਭੱਜ ਗਿਆ। ਮੈਂ ਵਹੀਕਲ ਦਾ ਪ੍ਰਬੰਧ ਕਰਕੇ ਆਪਣੇ ਪਿਤਾ ਭੋਲਾ ਸਿੰਘ ਨੂੰ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਜਿੱਥੇ ਮੇਰੇ ਪਿਤਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਡੀਐਮਸੀ ਰੈਫਰ ਕਰ ਦਿੱਤਾ ਪਰੰਤੂ ਮੇਰੇ ਪਿਤਾ ਦੀ ਡੀਐਮਸੀ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮੌਤ ਹੋ ਗਈ। ਇਸ ਬਾਰੇ ਅੱਗੇ ਗੱਲਬਾਤ ਕਰਦੇ ਹੋਏ ਚੌਕੀ ਇੰਚਾਰਜ ਨੇ ਦੱਸਿਆ ਕਿ ਟਰੈਕਟਰ ਸੋਨਾਲੀਕਾ ਦਾ ਨੰਬਰ ਪੀਬੀ 10 ਬੀਬੀ 5165 ਸੀ ਅਤੇ ਉਸੇ ਦੇ ਚਾਲਕ ਦਾ ਨਾਮ ਗੁਰਜੰਟ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮੌੜ ਪਟਿਆਲਾ ਜਿਲਾ ਬਰਨਾਲਾ ਹੈ। ਦੋਸ਼ੀ ਡਰਾਈਵਰ ਦੇ ਖਿਲਾਫ ਮੁਕਦਮਾ ਨੰਬਰ 56 ਮਿਤੀ 27-0 4-25 ਅ/ਧ 106(1),281,324(4),285 ਬੀਐਨਐਸ ਅਧੀਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
