ਸੀਬੀਐਸਈ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਸਰਵੋਤਮ ਅਕੈਡਮੀ ਖੁੱਡੀ ਰੋਡ ਬਰਨਾਲਾ ਕਰ ਰਿਹਾ ਧੜਾ ਧੜ ਡੰਮੀ ਐਡਮਿਸ਼ਨਾ….

ਹੰਡਿਆਇਆ -26 ਅਪ੍ਰੈਲ- ਅੱਜ ਕੱਲ ਦੇ ਬੱਚਿਆਂ ਦਾ ਟਰੈਂਡ ਬਣਦਾ ਜਾ ਰਿਹਾ ਹੈ ਕਿ ਸਕੂਲਾਂ ਵਿੱਚ ਡੰਮੀ ਐਡਮਿਸ਼ਨਾ ਲੈ ਕੇ ਬਾਹਰ ਕੋਚਿੰਗ ਸੈਂਟਰਾਂ ਤੋਂ ਪੜ੍ਹਾਈ ਕਰਨਾ। ਡੰਮੀ ਐਡਮਿਸ਼ਨ ਦਾ ਮਤਲਬ, ਸਕੂਲ ਵਿੱਚ ਪੜਨ ਲਈ ਐਡਮਿਸ਼ਨ ਲੈ ਲੈਣੀ ਪਰੰਤੂ ਸਕੂਲ ਵਿੱਚ ਪੜ੍ਹਨ ਨਹੀਂ ਜਾਣਾ ਅਤੇ ਸਕੂਲ ਵਾਲਿਆਂ ਦੁਆਰਾ ਇਗਜ਼ਾਮ ਮੌਕੇ ਸਾਰੀਆਂ ਹਾਜ਼ਰੀਆਂ ਜਾਲੀ ਤੌਰ ਤੇ ਹੀ ਪੂਰੀਆਂ ਕਰ ਦੇਣੀਆਂ। ਪਿਛਲੇ ਕਈ ਸਾਲਾਂ ਤੋਂ ਸਕੂਲ ਵਾਲਿਆਂ ਦਾ ਇਹ ਵਪਾਰ ਬਹੁਤ ਹੀ ਵਧੀਆ ਤਰੀਕੇ ਨਾਲ ਪਣਪ ਰਿਹਾ ਸੀ ਕਿਉਂਕਿ ਇਸ ਤਰ੍ਹਾਂ ਦੀਆਂ ਡਮੀ ਐਡਮਿਸ਼ਨਾਂ ਦੇ ਕੇ ਸਕੂਲ ਬੱਚਿਆਂ ਤੋਂ ਆਪਣੀ ਪੂਰੀ ਫੀਸ ਲੈ ਲੈਂਦਾ ਹੈ, ਪਰੰਤੂ ਉਹਨਾਂ ਨੂੰ ਬੱਚਿਆਂ ਨੂੰ ਪੜਾਉਣ ਸਬੰਧੀ ਕੋਈ ਵੀ ਖਰਚਾ ਜਾਂ ਕੋਈ ਵੀ ਐਫਰਟ ਨਹੀਂ ਕਰਨੇ ਪੈਂਦੇ। ਇਸ ਤਰ੍ਹਾਂ ਕਰਨ ਨਾਲ ਉਹਨਾਂ ਨੂੰ ਰੈਗੂਲਰ ਆਉਣ ਵਾਲੇ ਬੱਚਿਆਂ ਨਾਲੋਂ ਡਮੀ ਐਡਮਿਸ਼ਨਾਂ ਦੇਣ ਵਿੱਚ ਜਿਆਦਾ ਫਾਇਦਾ ਹੁੰਦਾ ਹੈ ਕਿਉਂਕਿ ਰੈਗੂਲਰ ਆਉਣ ਵਾਲੇ ਬੱਚਿਆਂ ਲਈ ਉਹਨਾਂ ਨੂੰ ਆਪਣੇ ਸਕੂਲ ਵਿੱਚ ਸਾਰੇ ਪ੍ਰਬੰਧ ਕਰਕੇ ਰੱਖਣੇ ਪੈਂਦੇ ਹਨ ਜਦੋਂ ਕਿ ਡਮੀ ਐਡਮਿਸ਼ਨ ਵਾਲੇ ਬੱਚੇ ਕੇਵਲ ਪੇਪਰਾਂ ਮੌਕੇ ਹੀ ਸਕੂਲ ਵਿੱਚ ਆਉਂਦੇ ਹਨ।
ਅਕਸਰ ਦੇਖਿਆ ਗਿਆ ਹੈ ਕਿ ਡਮੀ ਐਡਮਿਸ਼ਨ ਲੈਣ ਵਾਲੇ ਬੱਚਿਆਂ ਦਾ ਅੰਦਰੂਨੀ ਵਿਕਾਸ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਸਾਰਾ ਫੋਕਸ ਕੇਵਲ ਔਰ ਕੇਵਲ ਆਪਣੇ ਸਬਜੈਕਟ ਦੀ ਰਟੋ ਰਿਟਾਈ ਤੱਕ ਹੀ ਸੀਮਤ ਹੁੰਦਾ ਹੈ। ਇਸ ਲਈ ਕਈ ਸਟੇਟ ਸਰਕਾਰਾਂ ਨੇ ਸਕੂਲਾਂ ਵਿੱਚ ਡੰਮੀ ਐਡਮਿਸ਼ਨਾਂ ਬੰਦ ਕਰਵਾ ਦਿੱਤੀਆਂ ਹਨ। ਇਸੇ ਤਹਿਤ ਸੀਬੀਐਸਈ ਬੋਰਡ ਦੁਆਰਾ ਇਸ ਸਾਲ ਆਪਣੇ ਦੁਆਰਾ ਐਫੀਲੇਟਡ ਸਕੂਲਾਂ ਨੂੰ ਡੰਮੀ ਐਡਮਿਸ਼ਨਾ ਨਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਨੋਟੀਫਿਕੇਸ਼ਨ ਦੇ ਅਨੁਸਾਰ ਡੰਮੀ ਐਡਮਿਸ਼ਨਾ ਕਰਨ ਵਾਲੇ ਸਕੂਲ ਦੇ ਖਿਲਾਫ ਦੋਸ਼ੀ ਪਾਏ ਜਾਣ ਤੇ ਸਕੂਲ ਦੀ ਐਫੀਲੇਸ਼ਨ ਤੱਕ ਕੈਂਸਲ ਹੋ ਸਕਦੀ ਹੈ।
ਜਦੋਂ ਇਸ ਸਬੰਧੀ ਸੀਬੀਐਸਈ ਬੋਰਡ ਵਿਖੇ ਗੱਲਬਾਤ ਕਰੀ ਗਈ ਤਾਂ ਉਹਨਾਂ ਕਿਹਾ ਕਿ ਜੇਕਰ ਕੋਈ ਸਕੂਲ ਡਮੀ ਐਡਮਿਸ਼ਨਾਂ ਦੇਣ ਸਬੰਧੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਬੋਰਡ ਦੁਆਰਾ ਉਸ ਦੇ ਖਿਲਾਫ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ, ਜਿਸ ਦੌਰਾਨ ਉਸ ਸਕੂਲ ਦੀ ਐਫੀਲੇਸ਼ਨ ਵੀ ਰੱਦ ਕੀਤੀ ਜਾ ਸਕਦੀ ਹੈ
ਬਰਨਾਲਾ ਦੇ ਕਈ ਸਕੂਲਾਂ ਨੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਡੰਮੀ ਐਡਮਿਸ਼ਨਾ ਦੇਣੀਆਂ ਬੰਦ ਕਰ ਦਿੱਤੀਆਂ ਅਤੇ ਪਹਿਲਾਂ ਦਿੱਤੀਆਂ ਡੰਮੀ ਐਡਮਿਸ਼ਨਾਂ ਨੂੰ ਵੀ ਕੈਂਸਲ ਕਰੀ ਜਾ ਰਹੇ ਹਨ। ਪ੍ਰੰਤੂ ਖੁੱਡੀ ਰੋਡ ਤੇ ਸਥਿਤ ਸਰਵੋਤਮ ਅਕੈਡਮੀ ਸੀਬੀਐਸਈ ਦੇ ਨੋਟੀਫਿਕੇਸ਼ਨ ਦੀਆਂ ਧੱਜੀਆਂ ਉਡਾਉਂਦੇ ਹੋਏ ਅਜੇ ਵੀ ਪਲਸ ਵਨ ਤੇ ਪਲਸ ਟੂ ਲਈ ਧੜਾਧੜ ਡੰਮੀ ਐਡਮਿਸ਼ਨਾ ਦੇ ਰਿਹਾ ਹੈ।
ਜਦੋਂ ਪੇਰੈਂਟਸ ਬਣ ਕੇ ਸਕੂਲਾਂ ਵਿੱਚ ਬੱਚਿਆਂ ਦੀ ਡੰਮੀ ਐਡਮਿਸ਼ਨ ਲਈ ਫੋਨ ਕਰਕੇ ਜਾਣਕਾਰੀ ਹਾਸਿਲ ਕੀਤੀ ਗਈ ਤਾਂ ਜਿਆਦਾਤਰ ਸਕੂਲਾਂ ਨੇ ਡੰਮੀ ਐਡਮਿਸ਼ਨ ਦੇਣ ਤੋਂ ਮਨਾ ਕਰ ਦਿੱਤਾ। ਪ੍ਰੰਤੂ ਸਰਵੋਤਮ ਅਕੈਡਮੀ ਵੱਲੋਂ ਕਿਹਾ ਗਿਆ ਕਿ ਬਹੁਤ ਸਾਰੀਆਂ ਡੰਮੀ ਐਡਮਿਸ਼ਨਾਂ ਹੋ ਚੁੱਕੀਆਂ ਹਨ ਬਾਕੀ ਦੀਆਂ ਐਡਮਿਸ਼ਨਾਂ ਦਸਵੀਂ ਦੇ ਰਿਜ਼ਲਟ ਆਉਣ ਤੋਂ ਬਾਅਦ ਕੀਤੀਆਂ ਜਾਣਗੀਆਂ ਇਸ ਲਈ ਤੁਸੀਂ ਰਿਜ਼ਲਟ ਤੋਂ ਬਾਅਦ ਡੰਮੀ ਐਡਮਿਸ਼ਨ ਲੈ ਸਕਦੇ ਹੋ।
ਗੱਲ ਦੀ ਪੁਸ਼ਟੀ ਕਰਨ ਲਈ ਸਰਵੋਤਮ ਅਕੈਡਮੀ ਦੇ ਪ੍ਰਬੰਧਕ ਕੁਲਵੰਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਕੂਲ ਵਿੱਚ ਡੰਮੀ ਐਡਮਿਸ਼ਨਾ ਕਰਨ ਦੀ ਗੱਲ ਨੂੰ ਸਵੀਕਾਰ ਕੀਤਾ। ਜਦੋਂ ਉਹਨਾਂ ਨੂੰ ਸੀਬੀਐਸਈ ਦੇ ਡੰਮੀ ਐਡਮਿਸ਼ਨਾ ਨਾ ਦਿੱਤੇ ਜਾਣ ਦੇ ਨੋਟੀਫਿਕੇਸ਼ਨ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਸੀਬੀਐਸਈ ਦਾ ਕੋਈ ਵੀ ਨੋਟੀਫਿਕੇਸ਼ਨ ਨਹੀਂ ਪਹੁੰਚਿਆ।
ਹੁਣ ਇਹ ਸਮਾਂ ਹੀ ਦੱਸੇਗਾ ਕਿ ਸੀਬੀਐਸਈ ਬੋਰਡ ਦੁਆਰਾ ਅਜਿਹੇ ਸਕੂਲਾਂ ਉੱਪਰ ਕਿਹੋ ਜਿਹੀ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਂਦੀ ਹੈ,ਜੋ ਉਹਨਾਂ ਦੇ ਨੋਟੀਫਿਕੇਸ਼ਨ ਨੂੰ ਦਰਕਿਨਾਰ ਕਰਕੇ ਧੜਾਧੜ ਡੰਮੀ ਐਡਮਿਸ਼ਨ ਕਰ ਰਹੇ ਹਨ।