ਬਿਜਲੀ ਦਾ ਖੰਭਾ ਤੋੜ, ਬਿਜਲੀ ਮੁਲਾਜ਼ਮ ਨਾਲ ਬਦਸਲੂਕੀ ਕਰ, ਬਸ ਵਾਲਾ ਸਵਾਰੀਆਂ ਨੂੰ ਲੈ ਕੇ ਹੋਇਆ ਫਰਾਰ….

ਹੰਡਿਆਇਆ -18 ਅਪ੍ਰੈਲ-ਸੂਚ ਪੱਤੀ ਹੰਡਿਆਇਆ ਵਿਖੇ ਗੁਰਦੁਆਰਾ ਅੜੀਸਰ ਤੋਂ ਆ ਰਹੀ ਪ੍ਰਾਈਵੇਟ ਬੱਸ ਦੁਆਰਾ 22 ਕੇਵੀ ਖੰਬੇ ਨੂੰ ਟੱਕਰ ਮਾਰ ਕੇ ਤੋੜ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ਪ੍ਰੰਤੂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜਾਣਕਾਰੀ ਅਨੁਸਾਰ ਗੁਰਦੁਆਰਾ ਅੜੀਸਰ ਤੋਂ ਆ ਰਹੀ ਇੱਕ ਪ੍ਰਾਈਵੇਟ ਬੱਸ ਜਿਸ ਵਿੱਚ 30-40 ਸਵਾਰੀਆਂ ਸਨ। ਮੋੜ ਤੇ ਬੈਕ ਕਰਦੇ ਸਮੇਂ 22 ਕੇਵੀ ਖੰਬੇ ਨੂੰ ਭੰਨ ਦਿੱਤਾ, ਜੋ ਬੱਸ ਦੇ ਉੱਪਰ ਉਲਰ ਗਿਆ ਪ੍ਰੰਤੂ ਉਸਦੀਆਂ ਤਾਰਾਂ ਬਸ ਨੂੰ ਟੱਚ ਨਹੀਂ ਹੋਈਆਂ। ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਭਿਆਨਕ ਹਾਦਸੇ ਤੋਂ ਬਚਾਅ ਹੋ ਗਿਆ। ਮੌਕੇ ਤੇ ਪਹੁੰਚੇ ਬਿਜਲੀ ਮੁਲਾਜ਼ਮ ਢੇਰੀ ਰਾਮ ਨੇ ਦੱਸਿਆ ਕਿ ਜਦੋਂ ਉਸਨੇ ਐਕਸੀਡੈਂਟ ਦੀਆਂ ਫੋਟੋਆਂ ਖਿੱਚੀਆਂ ਤਾਂ ਬਸ ਦੇ ਡਰਾਈਵਰ- ਕੰਡਕਟਰ ਤੇ 10-12 ਸਵਾਰੀਆਂ ਨੇ ਉਸ ਨਾਲ ਬਦਸਲੂਕੀ ਕਰਦੇ ਹੋਏ ਖਿੱਚੀਆਂ ਹੋਈਆਂ ਫੋਟੋਆਂ ਡਿਲੀਟ ਕਰ ਦਿੱਤੀਆਂ ਅਤੇ ਉਥੋਂ ਬੱਸ ਨੂੰ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ।
ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਇਸ ਸੜਕ ਤੇ ਗੁਰਦੁਆਰਾ ਅੜੀਸਰ ਜਾਣ ਵਾਲਿਆਂ ਕਾਰਨ ਇੱਥੋਂ ਦੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਲੋਕ ਕਾਰ, ਟੈਂਪੂ, ਬੱਸਾਂ ਤੇ ਟਰੱਕਾਂ ਆਉਂਦੇ ਹਨ। ਜਿਸ ਨਾਲ ਟਰੈਫਿਕ ਜਾਮ ਅਤੇ ਐਕਸੀਡੈਂਟ ਦੇ ਖਤਰਾ ਵਧਿਆ ਰਹਿੰਦਾ ਹੈ। ਜਦੋਂ ਕਿ ਪੁਲਿਸ ਦੁਆਰਾ ਇਹਨਾਂ ਵਹੀਕਲਜ ਨੂੰ ਦੂਜੇ ਰਸਤੇ ਤੋਂ ਗੁਰਦੁਆਰਾ ਅੜੀਸਰ ਜਾਣ ਲਈ ਕਿਹਾ ਗਿਆ ਹੈ ਪ੍ਰੰਤੂ ਫਿਰ ਵੀ ਇਹ ਵਹੀਕਲ ਇਧਰੋਂ ਲੰਘ ਰਹੇ ਹਨ।ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਹਨਾਂ ਵਹੀਕਲ ਨੂੰ ਸਖਤੀ ਨਾਲ ਇਸ ਰਸਤੇ ਤੋਂ ਆਉਣ ਤੋਂ ਰੋਕਿਆ ਜਾਵੇ।
ਜਦੋਂ ਇਸ ਸਬੰਧੀ ਬਿਜਲੀ ਬੋਰਡ ਦੇ ਜੇਈ ਗੁਰਬਚਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਬੱਸ ਵਾਲਿਆਂ ਦੇ ਖਿਲਾਫ ਮਹਿਕਮੇ ਵੱਲੋਂ ਬਿਜਲੀ ਦਾ ਖੰਭਾ ਤੋੜਨ ਅਤੇ ਮੁਲਾਜ਼ਮ ਨਾਲ ਬਦਸਲੂਕੀ ਕਰਨ ਤੇ ਪੁਲਿਸ ਸ਼ਿਕਾਇਤ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਨੇ ਕਿਹਾ ਕਿ ਬਿਜਲੀ ਮਹਿਕਮੇ ਵੱਲੋਂ ਲਿਖਤੀ ਸ਼ਿਕਾਇਤ ਮਿਲਣ ਤੇ ਬਸ ਵਾਲੇ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਖਬਰ ਲਿਖੇ ਜਾਣ ਤੱਕ ਬਿਜਲੀ ਮੁਲਾਜ਼ਮਾਂ ਦੁਆਰਾ ਨਵਾਂ ਖੰਭਾ ਲਾਉਣ ਅਤੇ ਬਿਜਲੀ ਦੀ ਸਪਲਾਈ ਚਾਲੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।
