ਦੋ ਕਾਰਾਂ ਦੀ ਆਹਮਣੇ ਸਾਹਮਣੇ ਹੋਈ ਭਿਆਨਕ ਟੱਕਰ ਵਿੱਚ ਪਤੀ ਪਤਨੀ ਦੀ ਮੌਤ….

ਫਿਰੋਜ਼ਪੁਰ,-26 ਮਾਰਚ- ਫਿਰੋਜ਼ਪੁਰ ਮੋਗਾ ਮੁੱਖ ਮਾਰਗ ਤੇ ਪੈਂਦੇ ਪਿੰਡ ਪਿਆਰੇਆਨਾ ਨੇੜੇ ਦੋ ਕਾਰਾਂ ਦੀ ਆਹਮਣੇ-ਸਾਹਮਣੇ ਭਿਆਨਕ ਟੱਕਰ ਵਿੱਚ ਪਤੀ ਪਤਨੀ ਦੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਅਨੁਸਾਰ ਭਾਰਤ ਭੂਸ਼ਣ (40) ਅਤੇ ਉਸਦੀ ਪਤਨੀ ਸੋਨੀਆ ਕਾਰ ਵਿਚ ਲੁਧਿਆਣੇ ਤੋਂ ਫਿਰੋਜ਼ਪੁਰ ਵਾਪਸ ਆ ਰਹੇ ਸਨ। ਇਹ ਲੋਕ ਫਿਰੋਜ਼ਪੁਰ ਛਾਉਣੀ ਵਿੱਚ ਮਨਿਆਰੇ ਦੀ ਦੁਕਾਨ ਚਲਾਉਂਦੇ ਸਨ। ਦੋਵੋਂ ਪਤੀ ਪਤਨੀ ਦੁਕਾਨ ਦਾ ਸਮਾਨ ਖਰੀਦਣ ਲਈ ਫਿਰੋਜ਼ਪੁਰ ਤੋਂ ਲੁਧਿਆਣੇ ਗਏ ਹੋਏ ਸਨ। ਘਰ ਵਾਪਸੀ ਸਮੇਂ ਜਦੋਂ ਉਹ ਪਿੰਡ ਪਿਆਰੇਆਨਾ ਨੇੜੇ ਪਹੁੰਚੇ ਤਾਂ ਉਹਨਾਂ ਦੀ ਕਾਰ ਇੱਕ ਹੋਰ ਕਾਰ ਨਾਲ ਟਕਰਾ ਗਈ। ਇਹ ਟੱਕਰ ਇਨੀ ਜਬਰਦਸਤ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਆਪਸ ਵਿੱਚ ਟਕਰਾਉਣ ਤੋਂ ਬਾਅਦ ਦੋਵੋਂ ਕਾਰਾਂ ਸੜਕ ਤੋਂ ਹੇਠਾਂ ਡਿੱਗ ਗਈਆਂ। ਇਸ ਹਾਦਸੇ ਵਿੱਚ ਦੋਨੋਂ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਦੂਜੀ ਕਾਰ ਵਿੱਚ ਸਵਾਰ ਵਿਅਕਤੀ ਜਖਮੀ ਹੋ ਗਿਆ। ਜਿਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

