ਸੰਤ ਘੁੰਨਸ ਨੇ ਪ੍ਰੇਮ ਭੂਸ਼ਨ ਗੋਇਲ ਦੀ ਪੁਸਤਕ ‘ਗੁਲਦਸਤਾ’ ਰਿਲੀਜ਼ ਕੀਤੀ

ਬਰਨਾਲਾ 25ਮਾਰਚ -ਸਾਹਿਤ ਸਰਵਰ ਬਰਨਾਲਾ ਵੱਲੋਂ ਪੰਜਾਬੀ ਦੇ ਵਿਰਸਾਮਈ ਲੇਖਕ ਪ੍ਰੇਮ ਭੂਸ਼ਨ ਗੋਇਲ ਦੀ ਵੱਡ ਅਕਾਰੀ ਵਾਰਤਿਕ ਪੁਸਤਕ ਚਿੰਟੂ ਪਾਰਕ ਬਰਨਾਲਾ ਵਿਖੇ ਰਿਲੀਜ਼ ਕੀਤੀ ਗਈ।ਇਹ ਰਸਮ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਨੇ ਅਦਾ ਕਰਨ ਉਪਰੰਤ ਕਿਹਾ ਕਿ ਸ੍ਰੀ ਗੋਇਲ ਬੜੇ ਲੰਮੇ ਸਮੇਂ ਤੋਂ ਲਿਖਦੇ ਆ ਰਹੇ ਹਨ। ਉਨ੍ਹਾਂ ਨੇ ਵਾਰਤਿਕ ਅਤੇ ਕਾਵਿ ਰਚਨਾ ਕੀਤੀ। ਉਨ੍ਹਾਂ ਕਿਹਾ ਕਿ ਗੋਇਲ ਪੰਜਾਬੀ ਸਾਹਿਤ ਦੇ ਲੇਖੇ ਜ਼ਿੰਦਗੀ ਲਾਉਣ ਵਾਲ਼ਿਆਂ ਲੇਖਕਾਂ ਵਿੱਚੋਂ ਹਨ। ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਰਿਲੀਜ਼ ਕੀਤੀ ਗਈ ਲੇਖਾਂ ਦੀ ਪੁਸਤਕ ਵਿਚ ਗੋਇਲ ਦੇ ਪਿਛਲੇ ਢਾਈ ਤਿੰਨ ਦਹਾਕਿਆਂ ਦੌਰਾਨ ਲਿਖੇ ਹਨ ਜੋ ਵੱਖ ਵੱਖ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਛਪ ਚੁੱਕੇ ਲੇਖ ਹਨ। ਇਹ ਕਾਰਜ ਸਰੀਰਕ ਤੌਰ ‘ਤੇ ਨਾਮੁਰਾਦ ਬਿਮਾਰੀ ਨਾਲ਼ ਜੂਝ ਰਹੇ ਸ੍ਰੀ ਗੋਇਲ ਦੀ ਸੁਜਗ ਪੁੱਤਰੀ ਡਾ ਪ੍ਰਤਿਭਾ ਗੋਇਲ ਵਾਈਸ ਚਾਂਸਲਰ ਅਯੁੱਧਿਆ ਯੂਨੀਵਰਸਿਟੀ ਨੇ ਨੇਪਰੇ ਚਾੜ੍ਹਿਆ ਹੈ। ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਪ੍ਰਸਿੱਧ ਆਲੋਚਕ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਸ੍ਰੀ ਗੋਇਲ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਬਾਲ ਸ਼੍ਰੋਮਣੀ ਸਾਹਿਤ ਪੁਰਸਕਾਰ ਮਿਲ ਚੁਕਿਆ ਹੈ। ਉਹ ਨਿਰੰਤਰ ਲਿਖਣ ਵਾਲੇ ਲੇਖਕ ਹਨ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਸ੍ਰੀ ਗੋਇਲ ਦੀਆਂ ਰੁਲਦੂ ਭਗਤ ਦੀਆਂ ਕਹਾਣੀਆਂ, ਅਲੋਪ ਹੋ ਰਹੇ ਕਿੱਤੇ, ਪੰਜਾਬ ਦੇ ਗਹਿਣੇ ਤੋਂ ਇਲਾਵਾ ਬਾਲ ਸਾਹਿਤ ਅਤੇ ਕਵਿਤਾ ਦੀਆਂ ਕਈ ਪੁਸਤਕਾਂ ਛਪ ਚੁੱਕੀਆਂ ਹਨ। ਉਹ ਮਾਨਸਿਕ ਤੌਰ ‘ਤੇ ਨਾਵਲਕਾਰ ਗੁਰਦਿਆਲ ਸਿੰਘ ਦੇ ਬਹੁਤ ਨੇੜੇ ਸਨ।
ਇਸ ਮੌਕੇ ਡਾ ਹਰਿਭਗਵਾਨ, ਡਾ ਰਾਮਪਾਲ ਸ਼ਾਹਪੁਰੀ, ਡਾ ਸੁਰਿਦਰ ਸਿੰਘ ਭੱਠਲ, ਇਕਬਾਲ ਕੌਰ ਉਦਾਸੀ, ਲਛਮਣ ਦਾਸ ਮੁਸਾਫ਼ਿਰ, ਮਾਲਵਿੰਦਰ ਸ਼ਾਇਰ,ਰਘਵੀਰ ਸਿੰਘ ਗਿੱਲ ਕੱਟੂ, ਤੇਜਿੰਦਰ ਚੰਡਿਹੋਕ, ਪਾਲ ਸਿੰਘ ਲਹਿਰੀ,ਮਨਦੀਪ ਸ਼ਰਮਾ, ਰਾਜਿੰਦਰ ਸਿੰਘ ਸ਼ੌਂਕੀ, ਅਕ੍ਰਿਤੀ ਕੌਸ਼ਿਕ ਅਤੇ ਜਸਵਿੰਦਰ ਸਿੰਘ ਲੱਧੜ ਵੀ ਹਾਜ਼ਿਰ ਸਨ।