ਪੰਜਾਬ ਵਿੱਚ ਦਿਨੋ ਦਿਨ ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਚਿੰਤਾਜਨਕ: ਸੁਖਮਿੰਦਰ ਪਾਲ ਜੇਠੀ

ਹੰਡਿਆਇਆ-22 ਮਾਰਚ-ਪੰਜਾਬ ਵਿੱਚ ਦਿਨੋ ਦਿਨ ਵਧ ਰਹੀ ਗੁੰਡਾਗਰਦੀ, ਲੁੱਟ ਖੋਹ ਅਤੇ ਕਤਲ ਦੀਆਂ ਵਾਰਦਾਤਾਂ ਨੇ ਆਮ ਜਨਤਾ ਵਿੱਚ ਡਰ ਦਾ ਮਾਹੌਲ ਪੈਦਾ ਕਰ ਰੱਖਿਆ ਹੈ। ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੀਜੇਪੀ ਹਿਊਮਨ ਰਾਈਟਸ ਸੈਲ ਬਰਨਾਲਾ ਦੇ ਜਿਲਾ ਪ੍ਰਧਾਨ ਸੁਖਮਿੰਦਰ ਪਾਲ ਜੇਠੀ ਨੇ ਕਿਹਾ ਕਿ ਅੱਜ ਦੇ ਸਮੇਂ ਪੰਜਾਬ ਵਿੱਚ ਕੋਈ ਵੀ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ। ਉਹਨਾਂ ਪਿਛਲੀ ਦਿਨੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸਦੇ ਬੇਟੇ ਦੀ ਕੁੱਟਮਾਰ ਦੇ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿੱਚ ਦੇਸ਼ ਦਾ ਸਿਪਾਹੀ ਤੇ ਉਸ ਦਾ ਪਰਿਵਾਰ ਹੀ ਸੁਰੱਖਿਤ ਨਹੀਂ ਹੈ ਤਾਂ ਆਮ ਜਨਤਾ ਸੁਰੱਖਿਆ ਦੀ ਉਮੀਦ ਕਿੱਥੋਂ ਕਰ ਸਕਦੀ ਹੈ। ਉਹਨਾਂ ਕਿਹਾ ਕਿ ਇਹ ਕੁੱਟਮਾਰ ਪੁਲਿਸ ਦੇ ਤਕਰੀਬਨ 12 ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ, ਜੋ ਕਿ ਇੰਸਪੈਕਟਰ ਰੈਂਕ ਦੇ ਦੱਸੇ ਜਾਂਦੇ ਹਨ। ਪੁਲਿਸ ਵਿਭਾਗ ਵੱਲੋਂ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਰਾਜਨੀਤਿਕ ਦਬਾਅ ਕਾਰਨ ਪੁਲਿਸ ਨੂੰ ਉਹਨਾਂ ਮੁਲਾਜ਼ਮਾਂ ਤੇ ਐਫਆਈਆਰ ਦਰਜ ਕਰਨ ਲਈ ਮਜਬੂਰ ਹੋਣਾ ਪਿਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਕੇਸ ਦੀ ਇਨਕੁਆਇਰੀ ਇੱਕ ਕਮਿਸ਼ਨਰ ਰੈਂਕ ਦੇ ਅਫਸਰ ਨੂੰ ਦਿੱਤੀ ਗਈ ਹੈ। ਪੰਜਾਬ ਦਾ ਗ੍ਰਹਿ ਵਿਭਾਗ ਵੀ ਮੁੱਖ ਮੰਤਰੀ ਜੀ ਦੇ ਕੋਲ ਹੈ। ਇਸ ਘਟਨਾ ਨਾਲ ਦੇਸ਼ ਵਿਦੇਸ਼ ਵਿੱਚ ਪੰਜਾਬ ਦਾ ਅਕਸ ਖਰਾਬ ਹੋਇਆ ਹੈ। ਪੰਜਾਬ ਸਰਕਾਰ ਨੂੰ ਇਸ ਕੇਸ ਦੀ ਇਨਕੁਇਰੀ ਸੀਮਤ ਸਮੇਂ ਵਿੱਚ ਕਰਨੀ ਚਾਹੀਦੀ ਹੈ ਤਾਂ ਜੋ ਦੋਸ਼ੀ ਮੁਲਜਮਾਂ ਤੇ ਬਣਦੀ ਸਖਤ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ।
