ਵਿਸ਼ਵ ਚਿੜੀ ਦਿਵਸ ਨੂੰ ਸਮਰਪਿਤ ਕਰਵਾਈ ਵਿਚਾਰ ਗੋਸ਼ਟੀ….

0
PrimeKhabarPunjab Vichar Charcha

ਘਰ ਦੀਆਂ ਛੱਤਾਂ ਅਤੇ ਬਾਲਕੋਨੀਆਂ ਚ ਪੰਛੀਆਂ ਲਈ ਪਾਣੀ ਅਤੇ ਦਾਣੇ ਰੱਖਣ ਦੀ ਅਪੀਲ

ਬਰਨਾਲਾ- 22 ਮਾਰਚ -ਪੰਛੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਇਹ ਸਾਡੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਵਿਸ਼ਵ ਚਿੜੀ ਦਿਵਸ ਨੂੰ ਸਮਰਪਿਤ ਕਰਵਾਈ ਗੋਸ਼ਟੀ ਦੌਰਾਨ ਬੋਲਦਿਆਂ ਗੀਤੂ ਰਾਣੀ ਪੰਜਾਬੀ ਮਿਸਟ੍ਰੈੱਸ, ਨੀਲਮ ਰਾਣੀ ਸ ਸ ਮਿਸਟ੍ਰੈੱਸ ਅਤੇ ਸਮਾਜ ਸੇਵੀ ਜੋਤੀ ਸ਼ਰਮਾ ਨੇ ਕਿਹਾ ਕਿ ਹਰ ਸਾਲ 20 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚਿੜੀਆਂ ਦੀ ਮਿੱਠੀ ਚਹਿਕ ਅਤੇ ਟਹਿਕ ਨੂੰ ਅੱਜ ਲੱਭਣਾ ਪੈ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਚਿੜੀਆਂ ਦੇ ਅਲੋਪ ਹੋਣ ਵੱਲ ਧਿਆਨ ਦਿਵਾਉਣ ਅਤੇ ਇਨ੍ਹਾਂ ਨਿਰਦੋਸ਼ ਜ਼ਿੰਦਗੀਆਂ ਦੀ ਰੱਖਿਆ ਕਰਨ ਵੱਲ ਲੋਕਾਂ ਚ ਜਾਗਰੂਕਤ ਪੈਦਾ ਕਰਨਾ ਹੈ। ਘਰਾਂ ਦੀਆਂ ਕੱਚੀਆਂ ਛੱਤਾਂ ਦੀ ਥਾਂ ਤੇ ਪੱਕੀਆਂ ਇਮਾਰਤਾਂ ਦੀ ਉਸਾਰੀ, ਏ ਸੀ ਚੱਲਣ ਅਤੇ ਪ੍ਰਦੂਸ਼ਣ ਨੇ ਘਰੇਲੂ ਚਿੜੀਆਂ ਨੂੰ ਖਾਤਮੇ ਵੱਲ ਧੱਕ ਦਿੱਤਾ ਹੈ। ਇਸ ਦੌਰਾਨ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰੁਪਿੰਦਰ ਕੌਰ ਸ ਸ ਮਿਸਟ੍ਰੈੱਸ, ਵਾਤਾਵਰਣ ਪ੍ਰੇਮੀ ਸਪਨਾ ਗਰਗ ਅਤੇ ਪੰਛੀ ਪ੍ਰੇਮੀ ਸੁਖਜੀਤ ਕੌਰ ਸੁੱਖੀ ਸਾਬਕਾ ਨਗਰ ਕੌਂਸਲਰ ਨੇ ਕਿਹਾ ਕਿ
ਚਿੜੀ ਸਿਰਫ਼ ਕੁਦਰਤ ਦੀ ਸੁੰਦਰਤਾ ਦੀ ਨਿਸ਼ਾਨੀ ਹੀ ਨਹੀਂ ਸਗੋਂ ਸਾਡੇ ਸੱਭਿਆਚਾਰ ਅਤੇ ਵਾਤਾਵਰਨ ਦਾ ਵੀ ਹਿੱਸਾ ਹੈ। ਕੁਦਰਤੀ ਸੰਤੁਲਨ ਨੂੰ ਬਣਾਈ ਰੱਖਣ ਲਈ ਚਿੜੀਆਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਾਨੂੰ ਚਿੜ੍ਹੀਆਂ ਦੀ ਸੰਭਾਲ ਕਰਨੀ ਚਾਹੀਦੀ ਹੈ। ਆਪਣੇ ਆਲੇ ਦੁਆਲੇ ਸੰਘਣੇ ਰੁੱਖ, ਬੋਗਨ ਵੇਲ, ਝਾੜੀਆਂ, ਕੰਡਿਆਲੇ ਬੂਟੇ ਲਾਉਣੇ ਚਾਹੀਦੇ ਹਨ ਤਾਂ ਜੋ ਚਿੜੀਆਂ ਆਪਣੇ ਆਲ੍ਹਣੇ ਬਣਾ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣ । ਘਰਾਂ ਦੀਆਂ ਛੱਤਾਂ ਬਾਲਕੋਨੀ ਅਤੇ ਬਾਂਗਾਂ ਚ ਚਿੜੀਆਂ ਲਈ ਦਾਣੇ ਅਤੇ ਪਾਣੀ ਰੱਖਣਾ ਚਾਹੀਦਾ ਹੈ। ਜੈਵਿਕ ਖੇਤੀ ਕਰਕੇ ਚਿੜੀਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਆਓ ਚਿੜੀ ਦਿਵਸ ਤੇ ਕੁਦਰਤ ਦੀ ਇਸ ਮਿੱਠੀ ਚਹਿਕ ਨੂੰ ਸਦੀਵੀ ਬਣਾਉਣ ਲਈ ਚਿੜੀਆਂ ਦੀ ਸਾਂਭ ਸੰਭਾਲ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸੁੰਦਰ ਸੰਗੀਤ ਨੂੰ ਸੁਣਨ ਦਾ ਮੌਕਾ ਮਿਲ ਸਕੇ। ਇਸ ਮੌਕੇ ਸਮਾਜ ਸੇਵੀ ਬਲਵਿੰਦਰ ਸਿੰਘ ਬੇਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

PrimeKhabarPunjab Saint Paul School

About The Author

Leave a Reply

Your email address will not be published. Required fields are marked *