ਗੁਰਦੁਆਰੇ ਦਾ ਗ੍ਰੰਥੀ ਪਰਿਵਾਰ ਸਮੇਤ ਕਰਦਾ ਸੀ ਨਸ਼ਾ ਤਸਕਰੀ ਦਾ ਕੰਮ….

ਅੰਮ੍ਰਿਤਸਰ-8 ਮਾਰਚ-ਪੁਲਿਸ ਦੁਆਰਾ ਗੁਰਦੁਆਰੇ ਦੇ ਇੱਕ ਗ੍ਰੰਥੀ, ਉਸਦੀ ਪਤਨੀ ਅਤੇ ਉਸਦੇ ਭਰਾ ਨੂੰ ਢਾਈ ਕਿਲੋ ਹੈਰੋਇਨ, 40 ਹਜਾਰ ਰੁਪਏ ਦੀ ਡਰੱਗ ਮਨੀ ਅਤੇ ਇੱਕ ਬਾਈਕ ਸਮੇਤ ਗਿਰਫਤਾਰ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਐਸਪੀਡੀ ਹਰਿੰਦਰ ਸਿੰਘ ਤੇ ਏਸੀਪੀ ਲਖਵਿੰਦਰ ਸਿੰਘ ਕਲੇਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗਿਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਣ ਗ੍ਰੰਥੀ ਜੋਗਾ ਸਿੰਘ ਵਾਸੀ ਪਿੰਡ ਗਾਗੜਮਲ ਉਸ ਦੀ ਪਤਨੀ ਸ਼ਰਨਜੀਤ ਕੌਰ ਤੇ ਭਰਾ ਪੰਜਾਬ ਸਿੰਘ ਵਜੋਂ ਕੀਤੀ ਗਈ ਹੈ। ਪਿੰਡ ਗਾਗੜਮਲ ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਲੋਪੋਕੇ ਪੁਲਿਸ ਥਾਣੇ ਅਧੀਨ ਆਉਂਦਾ ਹੈ।ਐੱਸਪੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਜੋਗਾ ਸਿੰਘ ਗਾਗੜਮਲ ਪਿੰਡ ਦੇ ਗੁਰਦੁਆਰਾ ਸਾਹਿਬ ਬਾਬਾ ਪਾਲਾ ਸ਼ਹੀਦ ਵਿਖੇ ਗ੍ਰੰਥੀ ਵਜੋਂ ਪਾਠ ਕਰਦਾ ਹੈ ਅਤੇ ਉਹ ਹੈਰੋਇਨ ਤਸਕਰੀ ’ਚ ਸ਼ਾਮਲ ਹੈ। ਪੁਲਿਸ ਟੀਮ ਉਸ ਤੇ ਲਗਾਤਾਰ ਨਜ਼ਰ ਰੱਖ ਰਹੀ ਸੀ। ਹੁਣ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗ੍ਰੰਥੀ ਜੋਗਾ ਸਿੰਘ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਇਕ ਖੇਪ ਉਕਤ ਗੁਰਦੁਆਰਾ ਸਾਹਿਬ ਦੇ ਪਿੱਛੇ ਵਾਲੇ ਖੇਤ ’ਚ ਪਹੁੰਚਾਉਣ ਲਈ ਮੰਗਵਾਈ ਹੈ। ਇਸ ਤੋਂ ਬਾਅਦ ਤਿੰਨੇ ਮੁਲਜਮ ਇਕ ਬਾਈਕ ਤੇ ਪਿੰਡ ਬਚੀਵਿੰਡ ’ਚ ਇਸ ਢਾਈ ਕਿਲੋਗ੍ਰਾਮ ਹੈਰੋਇਨ, ਚਾਲੀ ਹਜ਼ਾਰ ਰੁਪਏ ਤੇ ਪੰਜ ਸੌ ਰੁਪਏ ਦੀ ਡਰੱਗ ਮਨੀ ਨੂੰ ਲੁਕਾਉਣ ਜਾ ਰਹੇ ਸਨ।ਪੁਲਿਸ ਨੇ ਨਾਕਾਬੰਦੀ ਕਰ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ 2 ਕਿੱਲੋ 508 ਗ੍ਰਾਮ ਹੈਰੋਇਨ ਤੇ 40,500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜਦੋਂ ਪੁਲਿਸ ਨੇ ਮੁਲਜ਼ਮ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਪਾਕਿਸਤਾਨੀ ਤਸਕਰਾਂ ਦੇ ਸੰਪਰਕ ’ਚ ਸੀ ਅਤੇ ਵਟਸਐਪ ਰਾਹੀਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਮੰਗਵਾ ਕੇ ਉਨ੍ਹਾਂ ਨੂੰ ਟਿਕਾਣੇ ਲਗਵਾ ਰਿਹਾ ਹੈ।