ਕੱਲ ਦੁਪਹਿਰ ਤੱਕ ਨਗਰ ਪੰਚਾਇਤ ਹੰਡਿਆਇਆ ਨੂੰ ਪ੍ਰਧਾਨ ਮਿਲਣ ਦੀ ਸੰਭਾਵਨਾ

ਹੰਡਿਆਇਆ-16 ਜਨਵਰੀ- ਲੰਬੇ ਸਮੇਂ ਦੇ ਅੰਤਰਾਲ ਤੋਂ ਬਾਅਦ ਨਗਰ ਪੰਚਾਇਤ ਹੰਢਿਆਇਆ ਨੂੰ ਕੱਲ ਨਵਾਂ ਪ੍ਰਧਾਨ ਮਿਲਣ ਦੀ ਸੰਭਾਵਨਾ ਹੈ। ਦੱਸਣ ਯੋਗ ਹੈ ਕਿ 21 ਦਸੰਬਰ 2024 ਨੂੰ ਨਗਰ ਪੰਚਾਇਤ ਹੰਢਿਆਇਆ ਦੀਆਂ ਚੋਣਾਂ ਵਿੱਚੋਂ ਸੱਤਾ ਧਿਰ ਆਮ ਆਦਮੀ ਪਾਰਟੀ, 13 ਵਿੱਚੋਂ 10 ਸੀਟਾਂ ਜਿੱਤ ਕੇ ਪਹਿਲਾਂ ਹੀ ਪ੍ਰਧਾਨਗੀ ਦੀ ਸੀਟ ਤੇ ਕਬਜ਼ਾ ਜਮਾ ਚੁੱਕੀ ਹੈ। ਲੋਕ ਚਰਚਾ ਹੈ ਕਿ ਕੱਲ ਸ਼ੁਕਰਵਾਰ ਦੁਪਹਿਰ ਤੱਕ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ। ਪ੍ਰਧਾਨਗੀ ਦੀ ਇਸ ਦੌੜ ਵਿੱਚ ਕਈ ਉਮੀਦਵਾਰ ਰੂਪੀ ਕੌਰ, ਮਹਿੰਦਰ ਕੌਰ, ਰੇਸ਼ਮਾ ਕੌਰ, ਗੁਰਮੀਤ ਸਿੰਘ ਅਤੇ ਅਮਰ ਦਾਸ ਦੇ ਨਾਮ ਚਰਚਾ ਵਿੱਚ ਹਨ। ਲੋਕ ਚਰਚਾ ਹੈ ਕਿ ਕਈ ਦਾਵੇਦਾਰ ਹੋਣ ਕਾਰਨ ਹੀ ਪ੍ਰਧਾਨ ਦੇ ਨਾਮ ਦੀ ਘੋਸ਼ਣਾ ਵਿੱਚ ਦੇਰੀ ਹੋਈ ਹੈ। ਦੇਖਿਆ ਜਾਵੇ ਤਾਂ ਰੂਪੀ ਕੌਰ ਅਤੇ ਗੁਰਮੀਤ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਚਿਹਰੇ ਰਾਜਨੀਤੀ ਵਿੱਚ ਨਵੇਂ ਹਨ। ਰੂਪੀ ਕੌਰ ਅਤੇ ਗੁਰਮੀਤ ਸਿੰਘ ਦੋਨਾਂ ਨੇ ਹੀ ਇਹਨਾਂ ਚੋਣਾਂ ਵਿੱਚ ਆਪਣੀਆਂ ਰਿਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ। ਜ਼ਿਕਰਯੋਗ ਹੈ ਕਿ ਰੂਪੀ ਕੌਰ ਕਾਂਗਰਸ ਪਾਰਟੀ ਵਿੱਚ ਜ਼ਿਲਾ ਪ੍ਰਧਾਨ ਦੇ ਅਹੁਦੇ ਤੇ ਰਹਿ ਚੁੱਕੇ ਹਨ ਉਥੇ ਹੀ ਗੁਰਮੀਤ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਤਿੰਨ ਵਾਰ ਜ਼ਿਲਾ ਪ੍ਰਧਾਨ ਰਹਿ ਚੁੱਕੇ ਹਨ। ਜੇਕਰ ਰਾਜਨੀਤਿਕ ਤਜਰਬੇਕਾਰ ਦੇ ਤੌਰ ਤੇ ਦੇਖਿਆ ਜਾਵੇ ਤਾਂ ਗੁਰਮੀਤ ਸਿੰਘ ਅਤੇ ਰੂਪੀ ਕੌਰ ਦੋਨੋਂ ਹੀ ਪ੍ਰਧਾਨਗੀ ਲਈ ਪ੍ਰਮੁੱਖ ਦਾਵੇਦਾਰ ਮੰਨੇ ਜਾ ਰਹੇ ਹਨ।ਬਾਕੀ ਇਹ ਰਾਜਨੀਤੀ ਹੈ ਇਥੇ ਕਿਸੇ ਵੀ ਪਲ ਕਿਸੇ ਦੀ ਵੀ ਕਿਸਮਤ ਚਮਕ ਸਕਦੀ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ ਦੁਪਹਿਰ ਨੂੰ ਪ੍ਰਧਾਨਗੀ ਲਈ ਗੁਰਮੀਤ ਸਿੰਘ ਦੇ ਨਾਮ ਤੇ ਮੋਹਰ ਲਗਾਈ ਜਾ ਸਕਦੀ ਹੈ।
