ਇੰਸਟਾਗਰਾਮ ਰੀਲਾ ਬਣਾਉਣ ਲਈ ਕਰਦਾ ਸੀ ਜਾਨਵਰਾਂ ਤੇ ਅੱਤਿਆਚਾਰ

ਜਲੰਧਰ-13 ਜਨਵਰੀ-ਆਪਣੇ ਸਵਾਰਥ ਲਈ ਲੋਕ ਅੱਜ ਕੱਲ ਇੰਨੇ ਗਿਰ ਜਾਂਦੇ ਹਨ ਕਿ ਉਹਨਾਂ ਨੂੰ ਸਹੀ ਗਲਤ ਦੀ ਪਹਿਚਾਣ ਵੀ ਨਹੀਂ ਰਹਿੰਦੀ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਇਹਨਾਂ ਗਿਰ ਗਿਆ ਕਿ ਇੰਸਟਾਗਰਾਮ ਤੇ ਆਪਣੇ ਪ੍ਰਸ਼ੰਸਕਾਂ ਦੀ ਗਿਣਤੀ ਵਧਾਉਣ ਲਈ ਉਸਨੇ ਬੇਜੁਬਾਨ ਜਾਨਵਰਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ। ਇਸ ਨੌਜਵਾਨ ਨੇ ਚਾਰ ਸ਼ਿਕਾਰੀ ਕੁੱਤੇ ਪਾਲ ਰੱਖੇ ਸਨ। ਉਹ ਆਸ ਪਾਸ ਦੇ ਜੰਗਲੀ ਇਲਾਕਿਆਂ ਵਿੱਚੋਂ ਬਿੱਲੀਆਂ ਜਾਂ ਜੰਗਲੀ ਜਾਨਵਰਾਂ ਨੂੰ ਫੜ ਲਿਆਉਂਦਾ ਅਤੇ ਉਹਨਾਂ ਦੇ ਪੈਰ ਬੰਨ ਕੇ ਸ਼ਿਕਾਰੀ ਕੁੱਤਿਆਂ ਦੇ ਹਵਾਲੇ ਕਰ ਦਿੰਦਾ। ਇਸ ਨਿਰਦਈਤਾ ਭਰੇ ਕੰਮ ਦਾ ਉਹ ਵੀਡੀਓ ਰਿਕਾਰਡ ਕਰਦਾ ਅਤੇ ਉਸ ਵਿੱਚ ਪੰਜਾਬੀ ਗਾਣੇ ਲਗਾ ਕੇ ਇੰਸਟਾਗਰਾਮ ਤੇ ਰੀਲ ਬਣਾ ਕੇ ਅਪਲੋਡ ਕਰ ਦਿੰਦਾ ਸੀ। ਇਸ ਨੌਜਵਾਨ ਦੀ ਇਹ ਕਰੂਰਤਾ ਭਰੀ ਰੀਲ ਜਦੋਂ ਮੁੰਬਈ ਦੇ ਇੱਕ ਜਾਨਵਰ ਪ੍ਰੇਮੀ ਨੇ ਦੇਖੀ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਜਲੰਧਰ ਦੀ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੂੰ ਉਸ ਨੌਜਵਾਨ ਦੇ ਕਬਜ਼ੇ ਵਿੱਚੋਂ ਬਹੁਤ ਸਾਰੀਆਂ ਕਰੂਰਤਾ ਭਰੀਆਂ ਵੀਡੀਓ ਮਿਲੀਆਂ ਹਨ। ਪੁਲਿਸ ਨੇ ਦੱਸਿਆ ਕਿ ਕਈ ਅਜਿਹੀਆਂ ਵੀਡੀਓ ਮਿਲੀਆਂ ਹਨ ਜਿਨਾਂ ਨੂੰ ਕਮਜ਼ੋਰ ਦਿਲ ਵਾਲੇ ਦੇਖ ਵੀ ਨਹੀਂ ਸਕਦੇ। ਇੱਕ ਵੀਡੀਓ ਵਿੱਚ ਦਿਖਾਈ ਦੇ ਰਿਹਾ ਸੀ ਕਿ ਬਿੱਲੀ ਦੇ ਪਿਛਲੇ ਪੈਰ ਬੰਨ ਕੇ ਕੁੱਤਿਆਂ ਅੱਗੇ ਸੁੱਟ ਦਿੱਤਾ, ਇਸ ਤੋਂ ਬਾਅਦ ਕੁੱਤੇ ਉਸ ਬਿੱਲੀ ਨੂੰ ਨੋਚ ਨੋਚ ਕੇ ਮਾਰ ਦਿੰਦੇ ਹਨ। ਆਰੋਪੀ ਦੀ ਪਹਿਚਾਨ ਜਲੰਧਰ ਦੇ ਕਸਬਾ ਸ਼ਾਹਕੋਟ ਦੇ ਮਹੱਲਾ ਬਾਗ ਵਿੱਚ ਰਹਿਣ ਵਾਲੇ ਮਨਦੀਪ ਦੇ ਤੌਰ ਤੇ ਹੋਈ ਹੈ। ਗਿਰਫਤਾਰੀ ਤੋਂ ਬਾਅਦ ਕੀਤੀ ਪੁੱਛਗਿੱਛ ਵਿੱਚ ਆਰੋਪੀ ਨੇ ਕਿਹਾ ਕਿ ਉਹ ਇੰਸਟਾਗਰਾਮ ਤੇ ਫੇਮਸ ਹੋਣਾ ਚਾਹੁੰਦਾ ਸੀ। ਉਹ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਵਿਊਜ ਲੈਣਾ ਚਾਹੁੰਦਾ ਸੀ। ਉਹ ਅਜਿਹਾ ਕੁਝ ਪਾਉਣਾ ਚਾਹੁੰਦਾ ਸੀ ਜਿਸ ਨੂੰ ਵੱਧ ਤੋਂ ਵੱਧ ਲੋਕ ਦੇਖਣ ਅਤੇ ਉਸਦੇ ਪ੍ਰਸ਼ੰਸਕਾਂ ਦੀ ਗਿਣਤੀ ਵਧੇ। ਇਸ ਲਈ ਉਸਨੇ ਅਜਿਹੀਆਂ ਰੀਲਸ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਉਸ ਨੌਜਵਾਨ ਤੇ ਭਾਰਤੀ ਨਿਆ ਸਹਿਤ ਦੀ ਧਾਰਾ 325 ਅਤੇ ਐਨੀਮਲ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।