ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਹੱਤਿਆ

ਰਾਮਪੁਰਾ ਫੂਲ,-7 ਜਨਵਰੀ-ਖੇਤਾਂ ਵਿੱਚ ਰਹਿੰਦੇ ਬਜ਼ੁਰਗ ਪਤੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਮ੍ਰਿਤਕ ਜੋੜਾ ਰਾਮਪੁਰਾ ਫੂਲ ਨੇੜੇ ਪਿੰਡ ਬਦਿਆਲਾ ਤੋਂ ਚਾਉਕੇ ਸੜਕ ਦੇ ਖੇਤਾਂ ਵਿਚ ਰਹਿੰਦਾ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਪੀ.ਡੀ. ਨਰਿੰਦਰ ਸਿੰਘ ਨੇ ਦਸਿਆ ਕਿ ਇਸ ਘਟਨਾ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਬਜ਼ੁਰਗ ਜੋੜੇ ਦੇ ਪੁੱਤਰ ਨੇ ਨਵੀਂ ਦਿੱਲੀ ਤੋਂ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਫਿਰ ਉਸ ਵਲੋਂ ਪਿੰਡ ਵਿਚ ਫੋਨ ਕੀਤਾ ਗਿਆ। ਪਿੰਡ ਵਾਲਿਆਂ ਵਲੋਂ ਜਦੋਂ ਬਜ਼ੁਰਗ ਜੋੜੇ ਦੇ ਘਰ ਆ ਕੇ ਵੇਖਿਆ ਤਾਂ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਹੋਇਆ ਪਿਆ ਸੀ। ਉਨ੍ਹਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕਾਂ ਦੀ ਪਛਾਣ ਗਿਆਸ ਸਿੰਘ ਉਮਰ 66 ਸਾਲ ਪੁੱਤਰ ਕਰਨੈਲ ਸਿੰਘ ਅਮਰਜੀਤ ਕੌਰ ਪਤਨੀ ਗਿਆਸ ਉਮਰ 62 ਸਾਲ ਵੱਜੋਂ ਹੋਈ ਹੈ।
ਦੋਵੇਂ ਬਜ਼ੁਰਗ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।