ਮਰਨ ਵਰਤ ਸ਼ੁਰੂ………

ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ ਸੰਘਰਸ਼: ਜੌਨੀ ਸਿੰਗਲਾ
ਸੰਗਰੂਰ- 24 ਦਸੰਬਰ- 114 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਕੱਲ ਕੰਪਿਊਟਰ ਟੀਚਰਜ਼ ਭੁੱਖ ਹੜਤਾਲ ਸੰਘਰਸ਼ ਕਮੇਟੀ ਪੰਜਾਬ ਦੇ ਮੈਂਬਰ ਜੌਨੀ ਸਿੰਗਲਾ ਨੇ ਹਜ਼ਾਰਾਂ ਕੰਪਿਊਟਰ ਅਧਿਆਪਕਾਂ ਦੀ ਹਾਜ਼ਰੀ ਵਿੱਚ ਸੰਗਰੂਰ ਵਿੱਚ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।ਇਸ ਮੌਕੇ ਕਮੇਟੀ ਆਗੂ ਪਰਮਵੀਰ ਸਿੰਘ ਪੰਮੀ, ਪ੍ਰਦੀਪ ਕੁਮਾਰ ਮਲੂਕਾ, ਰਜਵੰਤ ਕੌਰ, ਰਣਜੀਤ ਸਿੰਘ, ਲਖਵਿੰਦਰ ਸਿੰਘ, ਗੁਰਬਖਸ਼ ਲਾਲ, ਜਸਪਾਲ, ਊਧਮ ਸਿੰਘ ਡੋਗਰਾ, ਬਵਲੀਨ ਬੇਦੀ, ਸੁਮੀਤ ਗੋਇਲ, ਡਾ: ਰਜਨੀ, ਧਰਮਿੰਦਰ ਸਿੰਘ, ਨਰਿੰਦਰ ਕੁਮਾਰ, ਰਾਕੇਸ਼ ਸੈਣੀ, ਸੁਸ਼ੀਲ ਅੰਗੁਰਾਲ, ਪ੍ਰਿਅੰਕਾ ਬਿਸ਼ਟ, ਮਨਜੀਤ ਕੌਰ, ਕਰਮਜੀਤ ਪੁਰੀ, ਗਗਨਦੀਪ ਸਿੰਘ, ਜਸਵਿੰਦਰ ਸਿੰਘ (ਲੁਧਿਆਣਾ), ਨਰਦੀਪ ਸ਼ਰਮਾ (ਸੰਗਰੂਰ), ਨਾਇਬ ਸਿੰਘ ਬੁੱਕਣਵਾਲ, ਨਵਜੋਤ ਸਿੰਘ ਅਤੇ ਹਰਪ੍ਰੀਤ ਸਾਹਨੇਵਾਲ ਨੇ ਦੁਹਰਾਇਆ ਕਿ ਕੰਪਿਊਟਰ ਅਧਿਆਪਕਾਂ ਦੇ ਸਾਰੇ ਹੱਕ ਬਹਾਲ ਹੋਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੀ ਸਮੁੱਚੀ ਟੀਮ 24 ਘੰਟੇ ਮਰਨ ਵਰਤ ਵਾਲੀ ਥਾਂ ‘ਤੇ ਮੌਜੂਦ ਰਹੇਗੀ। ਇਸ ਅੰਦੋਲਨ ਨੂੰ ਹੋਰ ਅਧਿਆਪਕ, ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਦਾ ਵੀ ਸਮਰਥਨ ਮਿਲ ਰਿਹਾ ਹੈ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ।
ਕੰਪਿਊਟਰ ਅਧਿਆਪਕਾਂ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਚਾਰ ਦਰਜਨ ਮੀਟਿੰਗਾਂ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਠੋਸ ਕਾਰਵਾਈ ਨਹੀਂ ਹੋਈ। ਤਿੰਨ ਸਾਲ ਪਹਿਲਾਂ ਸਿੱਖਿਆ ਮੰਤਰੀ ਨੇ ਦੀਵਾਲੀ ਮੌਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਪੂਰਾ ਨਹੀਂ ਹੋਇਆ। ਅੰਦੋਲਨਕਾਰੀ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕਈ ਰਾਤਾਂ ਕੱਟੀਆਂ, ਪਰ ਸਰਕਾਰ ਦੀ ਬੇਰੁਖ਼ੀ ਨੇ ਉਨ੍ਹਾਂ ਨੂੰ ਇਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਕੀਤਾ।