ਮੁਹੱਲੇ ਦੀਆਂ ਔਰਤਾਂ ਨੇ ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਚ ਸ਼ਾਮਿਲ ਹੋਣ ਲਈ ਸ਼ਹਿਰ ਵਾਸੀਆਂ ਨੂੰ ਦਿੱਤਾ ਖੁੱਲ੍ਹਾ ਸੱਦਾ

ਬਰਨਾਲਾ 13 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ)-ਕ੍ਰਿਸ਼ਨਾ ਗਲੀ ਕੇ ਸੀ ਰੋਡ ਬਰਨਾਲਾ ਦੀਆਂ ਸਮਾਜ ਸੇਵੀ ਅਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਪ੍ਰਣਾਈਆਂ ਹੋਈਆਂ ਸਤਿਕਾਰਤ ਔਰਤਾਂ ਚਰਨਜੀਤ ਕੌਰ, ਜਸਮੇਲ ਕੌਰ ਅਤੇ ਰਜਨੀ ਰਾਣੀ ਨੇ ਕਿਹਾ ਕਿ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਉਣਾ, ਪੰਜਾਬੀ ਸੱਭਿਆਚਾਰ ਦੇ ਮੁਕਾਬਲੇ ਕਰਵਾਉਣੇ ਅਤੇ ਖ਼ੂਨ ਦਾਨ ਕਰਨਾ ਬਹੁਤ ਹੀ ਸ਼ਲਾਘਾਯੋਗ ਅਤੇ ਪੁੰਨ ਦਾ ਕੰਮ ਹੈ। ਉਨ੍ਹਾਂ ਸ਼ਹਿਰ ਦੀਆਂ ਮੁੱਖ ਸੰਸਥਾਵਾਂ ਵੱਲੋਂ 10 ਜਨਵਰੀ 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 10: 30 ਵਜੇ ਸਾਂਝੇ ਤੌਰ ਤੇ ਮਨਾਏ ਜਾ ਰਹੇ ਨਵ ਜੰਮੀਆਂ ਧੀਆਂ ਦੇ ਲੋਹੜੀ ਮੇਲੇ ਦੀ ਪ੍ਰਸ਼ੰਸ਼ਾ ਕਰਦਿਆਂ ਇਸ ਪ੍ਰੋਗਰਾਮ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ । ਉਹਨਾਂ ਕਿਹਾ ਕਿ ਨਵਜੰਮੀਆਂ ਧੀਆਂ ਦੀ ਹਰ ਸਾਲ ਲੋਹੜੀ ਮਨਾਉਣਾ ਸਹੀ ਅਰਥਾਂ ਚ ਮਾਨਵਤਾ ਦੀ ਸੇਵਾ ਹੈ। ਅਜਿਹੇ ਉਪਰਾਲੇ ਕਰਨ ਨਾਲ ਸਮਾਜ ਵਿੱਚ ਹੋ ਰਹੀ ਕੰਨਿਆ ਭਰੂਣ ਹੱਤਿਆ ਅਤੇ ਹੋਰ ਬੁਰਾਈਆਂ ਵਿਰੁੱਧ ਲੋਕਾਂ ਚ ਜਾਗਰੂਕਤਾ ਪੈਦਾ ਹੋਵੇਗੀ ਅਤੇ ਲੋਕਾਂ ਦੀ ਸੋਚ ਚ ਮਹਾਨ ਤਬਦੀਲੀ ਆਵੇਗੀ । ਇਹ ਵਰਨਣਯੋਗ ਹੈ ਕਿ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸਿਟੀਜਨ ਸੋਸਾਇਟੀ, ਸਮੂਹ ਨਿਵਾਸੀ ਕ੍ਰਿਸ਼ਨਾ ਗਲੀ ਕੇ ਸੀ ਰੋਡ ਬਰਨਾਲਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ, ਯੂਨੀਵਰਸਲ ਮਨੁੱਖੀ ਅਧਿਕਾਰ ਫ਼ਰੰਟ ਵੱਲੋਂ ਹਰ ਸਾਲ ਨਵਜੰਮੀਆਂ ਧੀਆਂ ਦੀ ਲੋਹੜੀ ਦਾ ਸਾਂਝਾ ਮੇਲਾ ਆਯੋਜਿਤ ਕੀਤਾ ਜਾਂਦਾ ਹੈ। ਇਸ ਮੌਕੇ ਨਵ ਜੰਮੀਆਂ ਧੀਆਂ ਅਤੇ ਉਹਨਾਂ ਦੀਆਂ ਮਾਵਾਂ ਦਾ ਸਨਮਾਨ ਕੀਤਾ ਜਾਂਦਾ ਹੈ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸ ਮੌਕੇ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ ਅਤੇ ਲੋਹੜੀ ਮੇਲੇ ਚ ਸੁਖਵਿੰਦਰ ਮੂੰਮ ਦਾ ਮਲਵਈ ਗਿੱਧਾ ਖ਼ੂਬ ਰੌਣਕਾਂ ਲਾਵੇਗਾ । ਸਵੇਰ ਤੋਂ ਸ਼ਾਮ ਤੱਕ ਚਨੇ, ਪੂਰੀ, ਖੀਰ, ਜਲੇਬੀਆਂ, ਚਾਹ ਅਤੇ ਪਕੌੜਿਆਂ ਦਾ ਲੰਗਰ ਅਤੁੱਟ ਵਰਤੇਗਾ। ਉਨ੍ਹਾਂ ਇਲਾਕੇ ਦੀ ਸਮੂਹ ਸੰਗਤ ਨੂੰ ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।