ਵਟਸਐਪ ਵੀਡੀਓ ਕਾਲ ਰਾਹੀ ਫਸਾਇਆ ਜਾਂਦਾ ਸ਼ਿਕਾਰ

ਹੰਡਿਆਇਆ-11 ਦਸੰਬਰ- ਅਜੋਕੇ ਸਮੇਂ ਵਿੱਚ ਵਿਗਿਆਨ ਦੀਆਂ ਨਵੀਆਂ ਨਵੀਆਂ ਤਕਨੀਕਾਂ ਨਾਲ ਜ਼ਿੰਦਗੀ ਸੁਖਾਲੀ ਹੁੰਦੀ ਜਾਪ ਰਹੀ ਹੈ ਪ੍ਰੰਤੂ ਇਹਨਾਂ ਤਕਨੀਕਾਂ ਦੀ ਗਲਤ ਵਰਤੋਂ ਨਾਲ ਸਮੱਸਿਆਵਾਂ ਵੀ ਖੜੀਆਂ ਹੋ ਰਹੀਆਂ ਹਨ। ਪੁਰਾਣੇ ਸਮਿਆਂ ਵਿੱਚ ਸਮੁੰਦਰੋਂ ਪਾਰ ਜਾ ਦੂਰ ਦੁਰਾਡੇ ਵਿਅਕਤੀ ਨਾਲ ਸੰਪਰਕ ਕਰਨਾ ਬਹੁਤ ਮੁਸ਼ਕਿਲ ਜਾਪਦਾ ਸੀ। ਪਰੰਤੂ ਟੈਲੀਫੋਨ/ਮੋਬਾਇਲ ਨੇ ਇਸ ਸਮੱਸਿਆ ਬਹੁਤ ਹੱਦ ਤੱਕ ਖਤਮ ਕਰ ਦਿੱਤੀ ਸੀ। ਬਾਕੀ ਰਹਿੰਦੀ ਕਸਰ ਵੀਡੀਓ ਕਾਲ ਨੇ ਪੂਰੇ ਕਰ ਦਿੱਤੀ ਜਿਸ ਨਾਲ ਇੰਝ ਜਾਪਦਾ ਹੈ ਕਿ ਕੋਈ ਵਿਅਕਤੀ ਸਮੁੰਦਰੋਂ ਪਾਰ ਜਾਂ ਦੂਰ ਨਹੀਂ ਬਲਕਿ ਸਾਡੇ ਸਾਹਮਣੇ ਹੀ ਬੈਠਾ ਸਾਡੇ ਨਾਲ ਗੱਲ ਕਰ ਰਿਹਾ ਹੈ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਇਸ ਵੀਡੀਓ ਕਾਲ ਦੀ ਲੋਕਾਂ ਨੂੰ ਠੱਗਣ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ।
ਇਹ ਠੱਗੀਆਂ ਜਿਆਦਾਤਰ ਸੁੰਦਰ ਔਰਤਾਂ ਦੁਆਰਾ ਕੀਤੀਆਂ ਜਾਂਦੀਆਂ ਹਨ। ਜੋ ਵਿਅਕਤੀਆਂ ਨੂੰ ਵਟਸਐਪ ਵੀਡੀਓ ਕਾਲ ਕਰਦੀਆਂ ਹਨ ਅਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੋਏ ਉਕਸਾਉਂਦੀਆਂ ਹਨ। ਗੱਲਾਂ ਗੱਲਾਂ ਵਿੱਚ ਵੀਡੀਓ ਕਾਲ ਰਾਹੀਂ ਉਹ ਆਪਣੇ ਕੱਪੜੇ ਉਤਾਰਦੇ ਹੋਏ ਸਾਹਮਣੇ ਵਿਅਕਤੀ ਨੂੰ ਕੱਪੜੇ ਉਤਾਰਨ ਲਈ ਉਤੇਜਤ ਕਰ ਦਿੰਦੀਆਂ ਹਨ। ਵਿਅਕਤੀ ਇਹ ਸੋਚ ਕੇ ਗਲਤ ਹਰਕਤਾਂ ਕਰਨੀਆ ਸ਼ੁਰੂ ਕਰ ਦਿੰਦਾ ਹੈ ਕਿ ਇਹ ਤਾਂ ਸਿਰਫ ਵੀਡੀਓ ਕਾਲ ਹੀ ਹੈ ਉਸ ਨੂੰ ਹੋਰ ਕੌਣ ਦੇਖ ਰਿਹਾ ਹੈ, ਪਰੰਤੂ ਉਹ ਇਹ ਨਹੀਂ ਜਾਣਦਾ ਹੁੰਦਾ ਕਿ ਉਸਦੀ ਇਹ ਵੀਡੀਓ ਕਾਲ ਰਿਕਾਰਡ ਕੀਤੀ ਜਾ ਰਹੀ ਹੁੰਦੀ ਹੈ। ਜਿਸ ਨੂੰ ਉਹ ਔਰਤ ਹਥਿਆਰ ਦੇ ਤੌਰ ਤੇ ਵਰਤਦੀ ਹੈ। ਕਿਉਂਕਿ ਇੱਕ ਵੱਖਰੇ ਸੋਫਟਵੇਅਰ ਰਾਹੀਂ ਵਟਸਐਪ ਦੀ ਵੀਡੀਓ ਕਾਲ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ।ਇਸ ਕਾਲ ਰਿਕਾਰਡਿੰਗ ਤੋਂ ਬਾਅਦ ਸ਼ੁਰੂ ਹੁੰਦਾ ਹੈ ਬਲੈਕ ਮੇਲਿੰਗ ਦਾ ਕੰਮ। ਵਿਅਕਤੀ ਨੂੰ ਵਟਸਐਪ ਰਾਹੀਂ ਉਸ ਵੀਡੀਓ ਕਾਲ ਦੀ ਰਿਕਾਰਡਿੰਗ ਭੇਜੀ ਜਾਂਦੀ ਹੈ ਅਤੇ ਧਮਕਾਇਆ ਜਾਂਦਾ ਹੈ ਜੇਕਰ ਉਸਨੇ ਪੈਸੇ ਨਹੀਂ ਭੇਜੇ ਤਾਂ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੱਤੀ ਜਾਵੇਗੀ। ਜਿਸ ਕਾਰਨ ਸਮਾਜ ਵਿੱਚ ਬਦਨਾਮੀ ਤੋਂ ਡਰਦਾ ਹੋਇਆ ਵਿਅਕਤੀ ਉਹਨਾਂ ਦੇ ਚੁੰਗਲ ਵਿੱਚ ਫਸ ਜਾਂਦਾ ਹੈ ਅਤੇ ਵਿੱਤੋ ਬਾਹਰ ਹੋ ਕੇ ਵੀ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਦਾ। ਪਰੰਤੂ ਜਦੋਂ ਉਹ ਬੇਵਸ ਹੋ ਜਾਂਦਾ ਹੈ ਅਤੇ ਪੈਸੇ ਦੇਣ ਤੋਂ ਮਨਾ ਕਰ ਦਿੰਦਾ ਹੈ ਤਾਂ ਉਹ ਉਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾ ਦਿੰਦੇ ਹਨ।ਜਿਸ ਨਾਲ ਵਿਅਕਤੀ ਦੀ ਸਮਾਜ ਵਿੱਚ ਬਦਨਾਮੀ ਹੁੰਦੀ ਹੈ।ਅਜੇ ਹਾਲਾਤਾਂ ਤੋਂ ਬਚਣ ਲਈ ਇਹ ਜਰੂਰੀ ਹੈ ਕਿ ਵਟਸਐਪ ਤੇ ਆਉਣ ਵਾਲੀ ਕਿਸੇ ਵੀ ਅਣਜਾਣ ਵੀਡੀਓ ਕਾਲ ਨੂੰ ਸਵੀਕਾਰ ਨਾ ਕਰੋ ਜੇਕਰ ਕਿਸੇ ਹਾਲਾਤ ਵਿੱਚ ਵੀਡੀਓ ਕਾਲ ਸਵੀਕਾਰ ਕਰਨੀ ਪੈ ਜਾਵੇ ਤਾਂ ਸਾਵਧਾਨੀ ਨਾਲ ਗੱਲਬਾਤ ਕਰੋ।