ਮਾਮਲਾ ਬਗ਼ੈਰ ਦੱਸੇ ਦੂਜਾ ਵਿਆਹ ਕਰਵਾਉਣ ਦਾ-

ਪਿੰਡ ਛਾਪਾ ਵਿਖੇ ਧੋਖਾਧੜੀ ਦਾ ਸ਼ਿਕਾਰ ਹੋਈ ਵਿਆਹੁਤਾ ਨੇ ਲਾਇਆ ਸਹੁਰੇ ਘਰ ਮੂਹਰੇ ਧਰਨਾ
ਮਹਿਲ ਕਲਾਂ-5 ਦਸੰਬਰ -ਪਿੰਡ ਛਾਪਾ (ਬਰਨਾਲਾ) ਵਿਖੇ ਇਕ ਨੌਜਵਾਨ ਵਿਆਹੁਤਾ ਵਲੋਂ ਪਰਿਵਾਰਕ ਮੈਂਬਰਾਂ ਸਮੇਤ ਸਹੁਰੇ ਘਰ ਮੂਹਰੇ ਧਰਨਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਆਪਣੀ ਹੱਡਬੀਤੀ ਬਿਆਨ ਕਰਦਿਆਂ ਵਿਆਹੁਤਾ ਲੜਕੀ ਜਸਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਮਾਛੀਕੇ (ਮੋਗਾ) ਨੇ ਦੱਸਿਆ ਕਿ 15 ਫ਼ਰਵਰੀ 2023 ਨੂੰ ਮਾਪਿਆਂ ਨੇ ਉਸ ਦਾ ਵਿਆਹ ਜਸਪ੍ਰੀਤ ਸਿੰਘ ਵਾਸੀ ਛਾਪਾ (ਬਰਨਾਲਾ) ਨਾਲ ਕੀਤਾ ਸੀ। ਆਇਲੈਟਸ ਚੋਂ ਮੇਰੇ ਬੈਂਡ ਆਏ ਹੋਣ ਕਰ ਕੇ ਮੇਰੇ ਸਹੁਰੇ ਪਰਿਵਾਰ ਨੇ ਸਾਰਾ ਖਰਚਾ ਕਰ ਕੇ ਵਿਦੇਸ਼ ਭੇਜਣ ਵਾਅਦਾ ਵਿਆਹ ਤੋਂ ਪਹਿਲਾਂ ਕੀਤਾ। ਵਿਆਹ ਤੋਂ ਬਾਅਦ ਜਦੋਂ ਉਸ ਨੇ ਆਪਣੇ ਪਤੀ ਨੂੰ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਬਣਾਉਣ ਸਬੰਧੀ ਕਈ ਵਾਰ ਕਿਹਾ ਤਾਂ ਉਨ੍ਹਾਂ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ। 8 ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਜਸਪ੍ਰੀਤ ਸਿੰਘ ਨੇ ਰਾਏਕੋਟ ਵਾਸੀ ਕਿਸੇ ਲੜਕੀ ਨਾਲ ਪਹਿਲਾਂ ਤੋਂ ਹੀ ਵਿਆਹ ਕਰਵਾਇਆ ਹੋਇਆ ਹੈ। ਇਸ ਗੱਲ ਬਾਰੇ ਜਦੋਂ ਮੈਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਪੁੱਛਿਆ ਤਾਂ ਉਨ੍ਹਾਂ ਅਜਿਹਾ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਫੇਰ ਮੈਂਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ।

ਇਸ ਮਾਮਲੇ ਦੀ ਪੜਤਾਲ ਕਰਨ ‘ਤੇ ਪਤਾ ਲੱਗਿਆ ਕਿ ਜਸਪ੍ਰੀਤ ਸਿੰਘ ਪਹਿਲਾਂ ਤੋਂ ਵਿਆਹਿਆ ਸੀ, ਇਸ ਵਿਆਹ ਦੇ ਸਾਰੇ ਕਾਗਜ਼ਾਤਾਂ ‘ਤੇ ਮੇਰੇ ਸਹੁਰੇ ਵਲੋਂ ਖ਼ੁਦ ਦਸਤਖ਼ਤ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਇਨਸਾਫ਼ ਲੈਣ ਲਈ ਜਦੋਂ ਐਸ.ਐਸ.ਪੀ. ਮੋਗਾ ਕੋਲ ਦਰਖ਼ਾਸਤ ਦਿੱਤੀ ਤਾਂ 2 ਫ਼ਰਵਰੀ ਨੂੰ ਦੋਵਾਂ ਧਿਰਾਂ ਦਾ ਇਸ ਗੱਲ ‘ਤੇ ਸਮਝੌਤਾ ਹੋ ਗਿਆ ਕਿ 25 ਦਿਨ੍ਹਾਂ ਦੇ ਅੰਦਰ-ਅੰਦਰ ਸਾਰੇ ਕਾਗਜ਼ਾਤ ਤਿਆਰ ਕਰਵਾ ਕੇ ਮੈਨੂੰ ਆਪਣੀ ਨੂੰਹ ਵਜੋਂ ਮਾਨਤਾ ਦੇਣਗੇ। ਪਰ ਹੁਣ ਇਸ ਫੈਸਲੇ ਤੋਂ ਵੀ ਸਹੁਰਾ ਪਰਿਵਾਰ ਮੁੱਕਰ ਗਿਆ ਅਤੇ ਦੁਬਾਰਾ ਫਿਰ ਤੋਂ ਕੁੱਟਮਾਰ ਕਰ ਕੇ ਮੈਨੂੰ ਘਰੋਂ ਕੱਢ ਦਿੱਤਾ। ਜਦੋਂ ਉਨ੍ਹਾਂ ਇਸ ਸਬੰਧੀ ਸਹੁਰੇ ਪਰਿਵਾਰ ਖ਼ਿਲਾਫ਼ ਪੁਲਿਸ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਸਿਰਫ਼ ਜਸਪ੍ਰੀਤ ਸਿੰਘ ਖਿਲਾਫ਼ ਪਰਚਾ ਦਰਜ ਕਰ ਕੇ ਡੰਗ ਸਾਰ ਦਿੱਤਾ। ਜਦੋਂ ਕਿ ਬਾਕੀ ਮੈਂਬਰਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਾਰੇ ਸਹੁਰੇ ਪਰਿਵਾਰ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਸਪ੍ਰੀਤ ਇਨਸਾਫ਼ ਦਿਵਾਊ ਕਮੇਟੀ ਦੇ ਆਗੂ ਸਰਬਜੀਤ ਸਿੰਘ ਮਾਛੀਕੇ,ਸਰਪੰਚ ਬਲਵੀਰ ਸਿੰਘ, ਕਿਸਾਨ ਆਗੂ ਗੁਰਨਾਮ ਸਿੰਘ, ਇਸਤਰੀ ਆਗੂ ਪਰਮਿੰਦਰ ਕੌਰ, ਮਜ਼ਦੂਰ ਆਗੂ ਨਾਇਬ ਸਿੰਘ ਨੇ ਸਹੁਰੇ ਪਰਿਵਾਰ ਵਲੋਂ ਕੀਤੀ ਮਜ਼ਲੂਮ ਲੜਕੀ ਨਾਲ ਕੀਤੀ ਗਈ ਧੋਖਾਧੜੀ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਲੜਕੀ ਦਾ ਸਹੁਰਾ ਆਪਣੇ ਆਪ ਨੂੰ ਇਕ ਉਚ ਪੁਲਿਸ ਅਧਿਕਾਰੀ ਦਾ ਡਰਾਇਵਰ ਦੱਸ ਕੇ ਧੌਂਸ ਦਿਖਾ ਰਿਹਾ ਹੈ। ਜਿਸ ਕਰਕੇ ਮੋਗਾ ਪੁਲਿਸ ਪ੍ਰਸ਼ਾਸ਼ਨ ਵਲੋਂ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਜਦੋਂ ਪੀੜਤ ਜਸਪ੍ਰੀਤ ਕੌਰ ਵਲੋਂ ਦਰਖ਼ਾਸਤ ਦਿੱਤੀ ਜਾਂਦੀ ਹੈ, ਤਾਂ ਅਧਿਕਾਰੀਆਂ ਵਲੋਂ ਉਲਟਾ ਜਸਪ੍ਰੀਤ ਕੌਰ ਨੂੰ ਹੀ ਡਰਾਇਆ ਧਮਕਾਇਆ ਜਾਂਦਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਪਿੰਡ ਮਾਛੀਕੇ ਦੇ ਸਮੁੱਚੇ ਲੋਕਾਂ ਵਲੋਂ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਪੀੜਤ ਲੜਕੀ ਜਸਪ੍ਰੀਤ ਕੌਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਧਰਨੇ ਦੀ ਪਹਿਲਾਂ ਭਿਣਕ ਲਗਦਿਆਂ ਸਹੁਰੇ ਪਰਿਵਾਰ ਦੇ ਮੈਂਬਰ ਘਰ ਨੂੰ ਜਿੰਦਾ ਲਾ ਕੇ ਘਰੋਂ ਚਲੇ ਗਏ। ਇਸ ਸਬੰਧੀ ਪੱਖ ਜਾਨਣ ਲਈ ਜਦੋਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਮੋਬਾਇਲ ਬੰਦ ਆ ਰਿਹਾ ਸੀ।
