ਬਿਆਨਾਂ ਵਿੱਚ ਢਹਿ ਗਿਆ ‘ਨਸ਼ੇ ਦਾ ਮਹਿਲ’, ਹਕੀਕਤ ਵਿੱਚ ਡਿੱਗਿਆ ਸਿਰਫ਼ ਇੱਕ ਕੌਲਾ; ਪੁਲਿਸ ਕਾਰਵਾਈ ਚਰਚਾ ਦਾ ਕੇਂਦਰ

ਹੰਡਿਆਇਆ:23 ਜੂਨ(ਰਾਕੇਸ਼ ਜੇਠੀ)- ਬਰਨਾਲਾ ਪੁਲਿਸ ਵੱਲੋਂ ਐਸਪੀ (ਐਸ) ਸੋਹਣ ਕੁਮਾਰ ਸੋਨੀ ਦੀ ਅਗਵਾਈ ਹੇਠ ਹੰਡਿਆਇਆ ਦੇ ਕਥਿਤ ਨਸ਼ਾ ਤਸਕਰ ਗੁਲਜਾਰ ਸਿੰਘ ਦੇ ਘਰ ‘ਤੇ ਪੀਲਾ ਪੰਜਾ ਚਲਾਉਣ ਦੀ ਕਾਰਵਾਈ ਨੂੰ ਲੈ ਕੇ ਇਲਾਕੇ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਪੁਲਿਸ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਲੇ ਫਰਕ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਐਸਪੀ(ਐਸ) ਸੋਹਣ ਕੁਮਾਰ ਸੋਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਲਜਾਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਅਤੇ ਉਸ ਦਾ ਪੂਰਾ ਪਰਿਵਾਰ ਨਸ਼ਾ ਤਸਕਰੀ ਦੇ ਧੰਦੇ ਵਿੱਚ ਲਿਪਤ ਹੈ ਅਤੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਐਨਡੀਪੀਐਸ ਅਤੇ ਹੋਰ ਮਾਮਲਿਆਂ ਦੇ ਕਈ ਪਰਚੇ ਦਰਜ ਹਨ। ਉਹਨਾਂ ਦੱਸਿਆ ਕਿ ਗੁਲਜਾਰ ਸਿੰਘ ਦੇ ਨਾਮ ਤੇ 4 ਪਰਚੇ, ਉਹਨਾਂ ਦੀ ਪਤਨੀ ਰਾਣੋ ਕੌਰ ਦੇ ਨਾਮ ਤੇ 17 ਪਰਚੇ, ਉਹਨਾਂ ਦੇ ਪੁੱਤਰ ਰਿੰਕੂ ਸਿੰਘ ਦੇ ਨਾਮ ਤੇ 12 ਪਰਚੇ ਅਤੇ ਰਿੰਕੂ ਸਿੰਘ ਦੀ ਪਤਨੀ ਮੀਨਾ ਤੇ 4 ਪਰਚੇ ਦਰਜ ਹਨ। ਇੱਥੋਂ ਤੱਕ ਕਿਹਾ ਗਿਆ ਕਿ ਇਹ ਘਰ ਨਸ਼ੇ ਦੇ ਪੈਸੇ ਨਾਲ ਬਣਾਇਆ ਗਿਆ ਹੈ ਅਤੇ ਸਾਰੀ ਜਾਇਦਾਦ ਹੀ ਗੈਰ-ਕਾਨੂੰਨੀ ਹੈ।
ਪਰ ਜਦੋਂ ਪੀਲੇ ਪੰਜੇ ਦੀ ਕਾਰਵਾਈ ਮੁਕੰਮਲ ਹੋਈ ਤਾਂ ਲੋਕਾਂ ਨੇ ਦੇਖਿਆ ਕਿ ਜਿਸ ਘਰ ਨੂੰ ਨਸ਼ੇ ਦੇ ਪੈਸੇ ਨਾਲ ਬਣਿਆ ਦੱਸਿਆ ਜਾ ਰਿਹਾ ਸੀ, ਉਸ ਦਾ ਵੱਡਾ ਹਿੱਸਾ ਤਾਂ ਜਿਉਂ ਦਾ ਤਿਉਂ ਖੜ੍ਹਾ ਰਿਹਾ। ਕਾਰਵਾਈ ਸਿਰਫ਼ ਇੱਕ ਦਹਿਲੀਜ ਅਤੇ ਘਰ ਦੇ ਇੱਕ ਕੌਲੇ ਤੱਕ ਹੀ ਸੀਮਤ ਰਹੀ।
ਹੁਣ ਆਮ ਲੋਕ ਪੁੱਛ ਰਹੇ ਹਨ ਕਿ ਜੇਕਰ ਸਾਰਾ ਘਰ ਹੀ ਗੈਰ-ਕਾਨੂੰਨੀ ਸੀ ਤਾਂ ਪੀਲਾ ਪੰਜਾ ਸਿਰਫ਼ ਦਹਿਲੀਜ ਤੱਕ ਹੀ ਕਿਉਂ ਰੁਕ ਗਿਆ? ਕੀ ਬਾਕੀ ਮਕਾਨ ਅਚਾਨਕ ਕਾਨੂੰਨੀ ਹੋ ਗਿਆ ਜਾਂ ਫਿਰ ਬੁਲਡੋਜ਼ਰ ਦੀ ਹਿੰਮਤ ਦਰਵਾਜ਼ੇ ਤੋਂ ਅੱਗੇ ਜਾਣ ਦੀ ਨਹੀਂ ਹੋਈ?
ਉੱਥੇ ਮੌਜੂਦ ਨਗਰ ਪੰਚਾਇਤ ਹੰਡਿਆਇਆ ਦੇ ਕਲਰਕ ਨਾਇਬ ਸਿੰਘ ਅਨੁਸਾਰ ਇਹ ਕਾਰਵਾਈ ਕੇਵਲ ਗੁਲਜਾਰ ਸਿੰਘ ਦੁਆਰਾ ਦਹਿਲੀਜ ਬਣਾ ਕੇ ਸੜਕ ‘ਤੇ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਕੀਤੀ ਗਈ ਹੈ। ਜੇਕਰ ਮਕਸਦ ਸਿਰਫ਼ ਨਜਾਇਜ਼ ਦਹਿਲੀਜ ਹਟਾਉਣਾ ਸੀ ਤਾਂ ਫਿਰ ਇਸ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਵਜੋਂ ਕਿਉਂ ਪੇਸ਼ ਕੀਤਾ ਗਿਆ? ਕੀ ਪੀਲਾ ਪੰਜਾ ਕਬਜ਼ਾ ਹਟਾਉਣ ਗਿਆ ਸੀ ਜਾਂ ਫਿਰ ਕੈਮਰਿਆਂ ਅੱਗੇ ਆਪਣੀ ਹਾਜ਼ਰੀ ਲਗਵਾਉਣ?
ਇਲਾਕੇ ਦੇ ਲੋਕ ਤਨਜ਼ ਕਰਦੇ ਹੋਏ ਕਹਿ ਰਹੇ ਹਨ ਕਿ ਲੱਗਦਾ ਹੈ ਪ੍ਰਸ਼ਾਸਨ ਨੇ “ਨਸ਼ਾ ਵਿਰੋਧੀ ਮੁਹਿੰਮ” ਅਤੇ “ਨਜਾਇਜ਼ ਕਬਜ਼ਾ ਹਟਾਓ ਮੁਹਿੰਮ” ਨੂੰ ਇੱਕੋ ਮੰਚ ‘ਤੇ ਜੋੜ ਕੇ ਇੱਕ ਨਵਾਂ ਪ੍ਰਯੋਗ ਕਰ ਦਿੱਤਾ ਹੈ, ਜਿੱਥੇ ਬਿਆਨਾਂ ਵਿੱਚ ਪੂਰਾ ਮਹਿਲ ਢਹਿ ਜਾਂਦਾ ਹੈ ਪਰ ਹਕੀਕਤ ਵਿੱਚ ਸਿਰਫ਼ ਇੱਕ ਕੌਲਾ ਹੀ ਸ਼ਹੀਦ ਹੁੰਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਜਾਇਦਾਦ ਨੂੰ ਸੱਚਮੁੱਚ ਨਸ਼ਾ ਤਸਕਰੀ ਦੀ ਕਮਾਈ ਨਾਲ ਬਣੀ ਹੋਈ ਮੰਨਿਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਜੇ ਕਾਰਵਾਈ ਸਿਰਫ਼ ਨਜਾਇਜ਼ ਦਹਿਲੀਜ ਹਟਾਉਣ ਦੀ ਸੀ, ਤਾਂ ਉਸ ਨੂੰ ਉਸੇ ਰੂਪ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਸੀ।
ਫਿਲਹਾਲ ਹੰਡਿਆਇਆ ਵਿੱਚ ਚਰਚਾ ਇਹ ਨਹੀਂ ਕਿ ਪੀਲਾ ਪੰਜਾ ਕਿੱਥੇ ਚੱਲਿਆ, ਸਗੋਂ ਇਹ ਹੈ ਕਿ ਉਹ ਕਿੱਥੇ ਰੁਕ ਗਿਆ। ਕਿਉਂਕਿ ਜਿਸ ਕਾਰਵਾਈ ਨੂੰ ਵੱਡੀ ਮੁਹਿੰਮ ਵਜੋਂ ਦਰਸਾਇਆ ਗਿਆ, ਉਸ ਦਾ ਨਤੀਜਾ ਆਖ਼ਰਕਾਰ ਇੱਕ ਦਹਿਲੀਜ ਅਤੇ ਇੱਕ ਕੌਲੇ ਤੱਕ ਹੀ ਸੀਮਤ ਨਜ਼ਰ ਆਇਆ।
ਇਸ ਮੌਕੇ ਐਸਪੀ(ਐਸ) ਸੋਹਣ ਕੁਮਾਰ ਸੋਨੀ ਦੇ ਨਾਲ ਡੀਐਸਪੀ ਕਮਲਜੀਤ ਸਿੰਘ, ਐਸ ਐਚ ਓ ਜਗਜੀਤ ਸਿੰਘ, ਸੀਆਈਏ ਸਟਾਫ ਹੰਡਿਆਇਆ ਦੇ ਇੰਚਾਰਜ ਐਸਐਚਓ ਬਲਜੀਤ ਸਿੰਘ, ਹੰਡਿਆਇਆ ਚੌਂਕੀ ਇੰਚਾਰਜ ਈਐਸਆਈ ਤਰਸੇਮ ਸਿੰਘ, ਏਐਸਆਈ ਬਲਵਿੰਦਰ ਸਿੰਘ, ਏਐਸਆਈ ਦਲਜੀਤ ਸਿੰਘ, ਹੌਲਦਾਰ ਸੁਰਜੀਤ ਸਿੰਘ, ਹੌਲਦਾਰ ਬਲਦੇਵ ਸਿੰਘ, ਸਿਪਾਹੀ ਲਵਜੀਤ ਸਿੰਘ, ਨਗਰ ਪੰਚਾਇਤ ਹੰਡਿਆਇਆ ਤੋਂ ਕਲਰਕ ਨਾਇਬ ਸਿੰਘ, ਕਲਰਕ ਵਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਤੋ ਇਲਾਵਾ ਹੋਰ ਪੁਲਿਸ ਟੀਮ ਵੀ ਹਾਜ਼ਰ ਸੀ।ਪੁਲਿਸ ਕਾਰਵਾਈ ਦੀ ਵੀਡੀਓ ਦਾ ਲਿੰਕ ਹੇਠਾਂ ਦਿੱਤਾ ਗਿਆ:
https://www.facebook.com/share/v/1CfLNNju8V
