ਪ੍ਰੀ-ਐੱਸਆਈਆਰ: ਬਰਨਾਲਾ ’ਚ ਰਹਿ ਗਏ ਵੋਟਰ 7 ਜੂਨ ਨੂੰ ਕੈਂਪਾਂ ’ਚ ਮੈਪਿੰਗ ਕਰਵਾਉਣ: ਜ਼ਿਲ੍ਹਾ ਚੋਣ ਅਫ਼ਸਰ

ਬਰਨਾਲਾ, 5 ਜੂਨ (ਰਾਕੇਸ਼ ਜੇਠੀ): ਜ਼ਿਲ੍ਹਾ ਚੋਣ ਅਫ਼ਸਰ-ਕਮ- ਡੀਸੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ’ਚ ਹੋਣ ਵਾਲੀ ਵਿਸ਼ੇਸ਼ ਗਹਿਰੀ ਸੁਧਾਈ ਲਈ ਸੋਧੇ ਦਿਸ਼ਾ-ਨਿਰਦੇਸ਼ ਤੇ ਸਮਾਂ ਸਾਰਨੀ ਜਾਰੀ ਕੀਤੀ ਗਈ ਹੈ। ਜਿਸ ਤਹਿਤ ਆਉਂਦੇ ਦਿਨਾਂ ’ਚ ਐੱਸਆਈਆਰ ਦਾ ਕੰਮ ਕੀਤਾ ਜਾਣਾ ਹੈ। ਇਸ ਤੋਂ ਇਲਾਵਾ 7 ਜੂਨ ਦਿਨ ਐਤਵਾਰ ਨੂੰ ਪ੍ਰੀ ਐੱਸਆਈਆਰ ਮੈਪਿੰਗ ਕੈਂਪ ਸਾਰੇ ਪੋਲਿੰਗ ਸਟੇਸ਼ਨਾਂ ਉਤੇ ਲਗਾਏ ਜਾਣੇ ਹਨ। ਜ਼ਿਲ੍ਹਾ ਚੋਣ ਅਫ਼ਸਰ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਐੱਸਆਈਆਰ-2026 ਦੀ ਸੋਧੀ ਸਮਾਂ ਸਾਰਨੀ ਸਾਝੀ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ 25 ਜੂਨ ਤੋਂ 24 ਜੁਲਾਈ ਤਕ ਬੀਐਲਓ ਘਰ-ਘਰ ਜਾ ਕੇ ਵੋਟਰਾਂ ਦੇ ਫਾਰਮ ਭਰਨਗੇ। ਉਨ੍ਹਾਂ ਦੱਸਿਆ ਹੈ ਕਿ ਇਸ ਜ਼ਿਲ੍ਹੇ ’ਚ ਪੈਂਦੇ ਤਿੰਨੋ ਵਿਧਾਨ ਸਭਾ ਚੋਣ ਹਲਕਾ 102-ਭਦੌੜ (ਅ.ਜ.), 103-ਬਰਨਾਲਾ ਤੇ 104-ਮਹਿਲ ਕਲਾਂ (ਅ.ਜ.) ’ਚ ਪ੍ਰੀ-ਐੱਸਆਈਆਰ ਦੌਰਾਨ ਵੋਟਰ ਮੈਪਿੰਗ ਦਾ ਕੰਮ ਲਗਭਗ 92 ਫੀਸਦੀ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਹੈ ਕਿ ਮੁਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਬਾਕੀ ਰਹਿੰਦੀ ਮੈਪਿੰਗ ਨੂੰ ਮੁਕੰਮਲ ਕਰਨ ਲਈ 7 ਜੂਨ ਨੂੰ ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ ਕੈਂਪ ਲਗਾਏ ਜਾਣਗੇ। ਇਸ ਦਿਨ ਬੀਅੱੈਲਓ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਮੌਜੂਦ ਰਹਿਣਗੇ ਤੇ ਅਣ-ਮੈਪਡ ਵੋਟਰਾਂ ਦੀ ਮੈਪਿੰਗ ਕਰਨਗੇ। ਐੱਸਆਈਆਰ-2026 ਦੇ ਰਿਵਾਈਜ਼ਡ ਸ਼ਡਿਊਲ ਅਨੁਸਾਰ ਪਹਿਲਾਂ 31 ਜੁਲਾਈ ਨੂੰ ਹੋਣ ਵਾਲੀ ਡਰਾਫਟ ਪ੍ਰਕਾਸ਼ਨਾ ਹੁਣ 3 ਅਗਸਤ 2026 ਨੂੰ ਕੀਤੀ ਜਾਵੇਗੀ। ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦਾ ਸਮਾਂ 3 ਅਗਸਤ ਤੋਂ 2 ਸਤੰਬਰ ਤਕ ਰਹੇਗਾ। ਜਦਕਿ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 28 ਸਤੰਬਰ ਤਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਅਜਿਹੇ ਵੋਟਰਾਂ ਨੂੰ ਜਿਨ੍ਹਾ ਦੀ ਅਜੇ ਤਕ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਨਹੀਂ ਹੋਈ। ਅਪੀਲ ਕੀਤੀ ਕਿ ਉਹ ਆਪਣੇ ਸਬੰਧਤ ਬੀਐੱਲਓ ਨਾਲ ਸੰਪਰਕ ਕਰਕੇ ਮੈਪਿੰਗ ਕਰਵਾਉਣ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੌਲ ਫਰੀ ਨੰਬਰ 1950 `ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ’ਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ ਅਤੇ ਸੀਪੀਆਈ (ਐਮ) ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਰਾਮ ਜੀ ਲਾਲ ਚੋਣ ਤਹਿਸੀਲਦਾਰ, ਮਨਜੀਤ ਸਿੰਘ ਚੋਣ ਕਾਨੂੰਗੋ ਅਤੇ ਦਫਤਰ ਦੇ ਹੋਰ ਕਰਮਚਾਰੀ ਵੀ ਮੌਜੂਦ ਰਹੇ।
