ਭਾਜਪਾ ਆਗੂਆਂ ਦੀ ਕੁੱਟਮਾਰ ਦਾ ਮਾਮਲਾ: ਵਫ਼ਦ ਨੇ ਐੱਸਐੱਸਪੀ ਬਰਨਾਲਾ ਨਾਲ ਕੀਤੀ ਮੁਲਾਕਾਤ, ਤਿੱਖੇ ਸੰਘਰਸ਼ ਦੀ ਚੇਤਾਵਨੀ

PrimekhabarPunjab Uppal

ਬਰਨਾਲਾ, 5 ਜੂਨ (ਰਾਕੇਸ਼ ਜੇਠੀ): ਸਥਾਨਕ ਨਗਰ ਨਿਗਮ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਉਨ੍ਹਾਂ ਦੇ ਪਰਿਵਾਰ ਨਾਲ ਪੁਲਿਸ ਅਧਿਕਾਰੀਆਂ ਵਲੋਂ ਕੀਤੀ ਗਈ ਕਥਿਤ ਬਦਸਲੂਕੀ ਤੇ ਕੁੱਟਮਾਰ ਦਾ ਮਾਮਲਾ ਹੁਣ ਭਖਦਾ ਨਜ਼ਰ ਆਉਂਦਾਂ ਹੈ। ਇਸੇ ਸਬੰਧ ’ਚ ਸ਼ੁੱਕਰਵਾਰ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪਾਰਟੀ ਦਾ ਇਕ ਉੱਚ ਪੱਧਰੀ ਵਫ਼ਦ ਐੱਸਐੱਸਪੀ ਬਰਨਾਲਾ ਨੂੰ ਮਿਲਿਆ। ਵਫ਼ਦ ਨੇ ਐੱਸਐੱਸਪੀ ਨੂੰ ਇਕ ਮੰਗ ਪੱਤਰ ਸੌਂਪਦਿਆਂ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕਰਨ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਵਫ਼ਦ ਨੇ ਐੱਸਐੱਸਪੀ ਦੇ ਧਿਆਨ ’ਚ ਲਿਆਂਦਾ ਕਿ ਬੀਤੀ 26 ਮਈ ਨੂੰ ਨਗਰ ਨਿਗਮ ਚੋਣਾਂ ਵਾਲੇ ਦਿਨ ਵਾਰਡ ਨੰਬਰ 38 ਤੋਂ ਭਾਜਪਾ ਉਮੀਦਵਾਰ ਸ਼ਿਵਾਨੀ ਦੇ ਪਤੀ ਤੇ ਸੀਨੀਅਰ ਭਾਜਪਾ ਆਗੂ (ਜੋ ਇਲੈਕਸ਼ਨ ਏਜੰਟ ਵਜੋਂ ਡਿਊਟੀ ’ਤੇ ਸਨ) ਰਜਿੰਦਰ ਉੱਪਲ, ਉਨ੍ਹਾਂ ਦੀ ਮਾਤਾ ਕਾਂਤਾ ਰਾਣੀ ਤੇ ਪਿਤਾ ਮੰਗਤ ਰਾਏ ਉੱਪਲ (ਜੋ ਕਿ ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਹਨ) ਨਾਲ ਡੀਐੱਸਪੀ ਬਰਨਾਲਾ ਸਤਬੀਰ ਸਿੰਘ ਬੈਂਸ ਤੇ ਐੱਸਐੱਚਓ ਸਿਟੀ-1 ਲਖਵਿੰਦਰ ਸਿੰਘ ਵਲੋਂ ਸ਼ਰੇਆਮ ਨਜਾਇਜ਼ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ ਪੁਲਿਸ ਵਲੋਂ ਇਸ ਪਰਿਵਾਰ ਨੂੰ ਕਰੀਬ ਦੋ ਘੰਟੇ ਤਕ ਨਜਾਇਜ਼ ਹਿਰਾਸਤ ’ਚ ਵੀ ਰੱਖਿਆ ਗਿਆ। ਜੋ ਕਿ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੈ। ਭਾਜਪਾ ਆਗੂਆਂ ਨੇ ਐੱਸਐੱਸਪੀ ਨਾਲ ਬੜੇ ਗੰਭੀਰ ਮਾਹੌਲ ’ਚ ਗੱਲਬਾਤ ਕਰਦਿਆਂ ਕਿਹਾ ਕਿ ਕਾਨੂੰਨ ਦੇ ਰਖਵਾਲਿਆਂ ਵਲੋਂ ਹੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਬੰਧਿਤ ਦੋਵਾਂ ਪੁਲਿਸ ਅਧਿਕਾਰੀਆਂ (ਡੀਐੱਸਪੀ ਤੇ ਐੱਸਐੱਚਓ) ਸਣੇ ਉਨ੍ਹਾਂ ਦੇ ਨਾਲ ਮੌਜੂਦ ਹੋਰ ਮੁਲਾਜ਼ਮਾਂ ਖ਼ਿਲਾਫ਼ ਬਣਦੀ ਵਿਭਾਗੀ ਤੇ ਕਾਨੂੰਨੀ ਕਾਰਵਾਈ ਤੁਰੰਤ ਅਮਲ ’ਚ ਲਿਆਂਦੀ ਜਾਵੇ ਤਾਂ ਜੋ ਖਾਕੀ ਦੀ ਸਾਖ ਬਚਾਈ ਜਾ ਸਕੇ। ਜ਼ਿਲ਼ਾ ਪ੍ਰਧਾਨ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਸਿਆਸੀ ਸ਼ਹਿ ’ਤੇ ਭਾਜਪਾ ਵਰਕਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਸੇਵਾਮੁਕਤ ਪੁਲਿਸ ਇੰਸਪੈਕਟਰ ਦੇ ਪਰਿਵਾਰ ਨਾਲ ਅਜਿਹਾ ਵਤੀਰਾ ਬੇਹੱਦ ਨਿੰਦਣਯੋਗ ਹੈ। ਜੇਕਰ ਸਾਨੂੰ ਜਲਦ ਇਨਸਾਫ਼ ਨਾ ਮਿਲਿਆ ਤਾਂ ਭਾਜਪਾ ਵੱਡੇ ਪੱਧਰ ’ਤੇ ਸੜਕਾਂ ’ਤੇ ਉਤਰ ਕੇ ਤਿੱਖਾ ਸੰਘਰਸ਼ ਵਿੱਢੇਗੀ।
—ਹਾਈਕਮਾਨ ਦੇ ਧਿਆਨ ’ਚ ਲਿਆਂਦਾ ਮਾਮਲਾ
ਸੀਨੀਅਰ ਭਾਜਪਾ ਆਗੂ ਰਜਿੰਦਰ ਉੱਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਇਸ ਸਾਰੇ ਘਟਨਾਕ੍ਰਮ ਤੇ ਪੁਲਿਸ ਦੀ ਧੱਕੇਸ਼ਾਹੀ ਬਾਰੇ ਪਾਰਟੀ ਦੀ ਕੇਂਦਰੀ ਤੇ ਸੂਬਾ ਹਾਈਕਮਾਨ ਨੂੰ ਬਾਰੀਕੀ ਨਾਲ ਜਾਣੂ ਕਰਵਾ ਦਿੱਤਾ ਗਿਆ ਹੈ। ਹਾਈਕਮਾਨ ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਜਪਾ ਆਪਣੇ ਕਿਸੇ ਵੀ ਵਰਕਰ ਜਾਂ ਆਗੂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗੀ ਤੇ ਇਨਸਾਫ਼ ਲੈਣ ਤਕ ਚੁਪ ਨਹੀਂ ਬੈਠੇਗੀ।

About The Author