ਬਰਨਾਲਾ ’ਚ ਮਹਿਲਾ ਅਧਿਆਪਕਾਂ ’ਤੇ ਦੋਹਰੀਆਂ ਡਿਊਟੀਆਂ ਦਾ ਬੋਝ; ਨਸ਼ੇ ਲਈ ਬਦਨਾਮ ਬਸਤੀਆਂ ’ਚ ਇਕੱਲੇ ਭੇਜੇ ਮਹਿਲਾ ਅਧਿਆਪਕ

WhatsApp Image 2026-05-22 at 19.07.23

ਜ਼ਿਲ੍ਹਾ ਪ੍ਰਸ਼ਾਸਨ ਨੇ ਬਰਨਾਲਾ ’ਚ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ

ਬਰਨਾਲਾ, 22 ਮਈ (ਰਾਕੇਸ਼ ਜੇਠੀ): ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਮਹਿਲਾ ਅਧਿਆਪਕਾਂ ’ਤੇ ਜਨਗਣਨਾ ਤੇ ਡਰੱਗ ਸਰਵੇ ਵਰਗੀਆਂ ਦੋਹਰੀਆਂ ਡਿਊਟੀਆਂ ਦਾ ਅਸਹਿ ਬੋਝ ਪਾ ਕੇ ਪ੍ਰਸ਼ਾਸਨਿਕ ਸੰਵੇਦਨਸ਼ੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਲਗਾਤਾਰ ਮਿਲ ਰਹੀਆਂ ਰਿਪੋਰਟਾਂ ਮੁਤਾਬਕ ਬਿਨਾਂ ਕਿਸੇ ਠੋਸ ਯੋਜਨਾਬੰਦੀ ਦੇ ਲਗਾਈਆਂ ਗਈਆਂ ਇਨ੍ਹਾਂ ਡਿਊਟੀਆਂ ਕਾਰਨ ਮਹਿਲਾ ਅਧਿਆਪਕਾਂ ’ਚ ਭਾਰੀ ਮਾਨਸਿਕ ਤਣਾਅ ਤੇ ਸੁਰੱਖਿਆ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਧਿਆਪਕ ਜਥੇਬੰਦੀਆਂ ਨੇ ਪ੍ਰਸ਼ਾਸਨ ਦੇ ਇਸ ਵਤੀਰੇ ਖਿਲਾਫ਼ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਪ੍ਰਸ਼ਾਸਨਿਕ ਬੇਰੁਖ਼ੀ ਦੀ ਹੱਦ ਉਸ ਵੇਲੇ ਦੇਖਣ ਨੂੰ ਮਿਲੀ। ਜਦੋਂ ਇਕ ਬੇਹੱਦ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮਹਿਲਾ ਅਧਿਆਪਕ ਦਾ ਪੂਰਾ ਪਰਿਵਾਰ ਇਸ ਵੇਲੇ ਚਿਕਨ ਪੌਕਸ ਦੀ ਮਾਰ ਹੇਠ ਹੈ। ਪਰਿਵਾਰਕ ਮੈਂਬਰਾਂ ਦੀ ਦੇਖਭਾਲ ਤੇ ਖ਼ੁਦ ਇਨਫੈਕਸ਼ਨ ਦੇ ਖ਼ਤਰੇ ਦੇ ਬਾਵਜੂਦ ਉੱਚ ਅਧਿਕਾਰੀਆਂ ਵਲੋਂ ਉਸ ਮਹਿਲਾ ਅਧਿਆਪਕ ਨੂੰ ਜਨਗਣਨਾ ਦੀ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਦਾ ਇਹ ਅਣਮਨੁੱਖੀ ਰਵੱਈਆ ਨਾ ਸਿਰਫ਼ ਉਸ ਪਰਿਵਾਰ, ਬਲਕਿ ਆਮ ਜਨਤਾ ਲਈ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਸਭ ਤੋਂ ਵੱਧ ਚਿੰਤਾਜਨਕ ਪਹਿਲੂ ਮਹਿਲਾ ਅਧਿਆਪਕਾਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਮੁਤਾਬਕ ਡਰੱਗ ਸਰਵੇ ਲਈ ਸਿੰਗਲ ਮਹਿਲਾ ਅਧਿਆਪਕਾਂ ਨੂੰ ਉਨ੍ਹਾਂ ਬਸਤੀਆਂ ਤੇ ਇਲਾਕਿਆਂ ’ਚ ਭੇਜਿਆ ਜਾ ਰਿਹਾ ਹੈ। ਜੋ ਨਸ਼ਾ ਤਸਕਰੀ ਤੇ ਹੋਰ ਸਮਾਜਿਕ ਬੁਰਾਈਆਂ ਲਈ ਬਦਨਾਮ ਹਨ। ਬਿਨਾਂ ਕਿਸੇ ਪੁਲਿਸ ਸੁਰੱਖਿਆ ਜਾਂ ਸਹਿਯੋਗੀ ਸਟਾਫ਼ ਦੇ, ਮਹਿਲਾ ਮੁਲਾਜ਼ਮਾਂ ਨੂੰ ਅਜਿਹੇ ਸੰਵੇਦਨਸ਼ੀਲ ਖੇਤਰਾਂ ’ਚ ਧੱਕਣਾ ਉਨ੍ਹਾਂ ਦੀ ਨਿੱਜੀ ਸੁਰੱਖਿਆ ਨੂੰ ਸਿੱਧੀ ਚੁਣੌਤੀ ਦੇਣ ਵਾਂਗ ਹੈ।ਇਹੀਂ ਨਹੀਂ ਇਕੋ ਵੇਲੇ ਜਨਗਣਨਾ ਤੇ ਡਰੱਗ ਸਰਵੇ ਦੇ ਕੰਮ ਦਾ ਲਗਾਤਾਰ ਬੋਝ। ਨਸ਼ਾ ਪ੍ਰਭਾਵਿਤ ਸੰਵੇਦਨਸ਼ੀਲ ਖੇਤਰਾਂ ’ਚ ਇਕੱਲੀਆਂ ਮਹਿਲਾ ਅਧਿਆਪਕਾਂ ਦੀ ਤਾਇਨਾਤੀ। ਮੈਡੀਕਲ ਐਮਰਜੈਂਸੀ ਤੇ ਪਰਿਵਾਰਕ ਬਿਮਾਰੀ ਦੇ ਬਾਵਜੂਦ ਛੋਟ ਨਾ ਦੇਣਾ। ਇਸ ਧੱਕੇਸ਼ਾਹੀ ਕਾਰਨ ਮਹਿਲਾ ਅਧਿਆਪਕਾਂ ਅੰਦਰ ਲਗਾਤਾਰ ਦਬ ਚੁੱਕੇ ਬੋਝ ਕਰਕੇ ਭਾਰੀ ਰੋਸ ਹੈ। ਇਕ ਪਾਸੇ ਸਕੂਲਾਂ ’ਚ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਤੇ ਦੂਜੇ ਪਾਸੇ ਅਧਿਆਪਕਾਵਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਰਹੀਆਂ ਹਨ। ਇਲਾਕੇ ਦੀਆਂ ਇਨਸਾਫ਼ਪਸੰਦ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਇਸ ਤੁਗਲਕੀ ਫ਼ੁਰਮਾਨ ਨੂੰ ਵਾਪਸ ਲਵੇ। ਮਹਿਲਾ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਬਿਮਾਰੀ ਦੀ ਹਾਲਤ ’ਚ ਡਿਊਟੀਆਂ ਤੋਂ ਤੁਰੰਤ ਛੋਟ ਦਿੱਤੀ ਜਾਵੇ ਨਹੀਂ ਤਾਂ ਤਿੱਖਾ ਸੰਘਰਸ਼ ਵਿੱਢਆ ਜਾਵੇਗਾ।
—ਡੀਸੀ ਨੇ ਫੋਨ ਚੁੱਕਣ ਦੀ ਨਹੀਂ ਸਮਝੀ ਲੋੜ
ਇਸ ਮਾਮਲੇ ਸਬੰਧੀ ਜਦ ਡੀਸੀ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਮੋਬਾਇਲ ’ਤੇ ਰਿੰਗ ਜਾਣ ਦੀ ਬਾਵਜੂਦ ਔਨ ਕਰਨ ਦੀ ਲੋੜ ਨਹੀਂ ਸਮਝੀ। ਜ਼ਿਕਰਯੋਗ ਹੈ ਕਿ ਡੀਸੀ ਵਲੋਂ ਆਪਣਾ ਅਹੁਦਾ ਸੰਭਾਲਣ ਤੋਂ ਹੁਣ ਤਕ ਕਦੇ ਵੀ ਸੰਪਰਕ ਕਰਨ ’ਤੇ ਫੋਨ ਚੁੱਕਿਆ ਹੀ ਨਹੀਂ ਗਿਆ।

About The Author

You may have missed