ਡੀਸੀ ਵਲੋਂ ਜ਼ਿਲ੍ਹਾ ਬਰਨਾਲਾ ਦੇ ਬਾਰਵੀਂ ਤੇ ਦਸਵੀਂ ’ਚੋਂ ਮੈਰਿਟ ’ਚ ਆਏ ਵਿਦਿਆਰਥੀਆਂ ਦਾ ਸਨਮਾਨ

PrimeKhabarPunjab Marit child

ਬਰਨਾਲਾ, 14 ਮਈ (ਰਾਕੇਸ਼ ਜੇਠੀ): ਡੀਸੀ ਹਰਪ੍ਰੀਤ ਸਿੰਘ ਆਈਏਐੱਸ ਨੇ ਵੀਰਵਾਰ ਨੂੰ ਜ਼ਿਲ੍ਹਾ ਬਰਨਾਲਾ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਬਾਰਵੀਂ ਦੀ ਮੈਰਿਟ ਸੂਚੀ ’ਚ ਸਥਾਨ ਬਣਾਉਣ ਵਾਲੇ 9 ਵਿਦਿਆਰਥੀਆਂ ਤੇ ਦਸਵੀਂ ਦੇ ਮੈਰਿਟ ਵਾਲੇ 2 ਵਿਦਿਆਰਥੀਆਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਬਾਰ੍ਹਵੀਂ ’ਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ ਤੇ ਇਹ ਵਿਦਿਆਰਥੀ ਸਿਰਫ ਅਕਾਦਮਿਕ ਖੇਤਰ ’ਚ ਹੀ ਨਹੀਂ। ਬਲਕਿ ਖੇਡ ਤੇ ਹੋਰ ਗਤੀਵਿਧੀਆਂ ’ਚ ਵੀ ਅੱਗੇ ਹਨ। ਬਾਰ੍ਹਵੀਂ ’ਚੋਂ ਜ਼ਿਲ੍ਹੇ ’ਚੋਂ ਪਹਿਲੇ ਸਥਾਨ ਤੇ ਮੈਰਿਟ ’ਚ 5ਵਾਂ ਰੈਂਕ ਹਾਸਲ ਕਰਨ ਵਾਲੀ ਨਿਸ਼ਾ ਰਾਣੀ ਸੂਬਾ ਪੱਧਰ ਦੀ ਨੈੱਟਬਾਲ ਦੀ ਖਿਡਾਰਨ ਹੈ। ਇਸੇ ਤਰ੍ਹਾਂ ਭਦੌੜ ਸਕੂਲ ਦੀ ਰਿਪਨਦੀਪ ਕੌਰ ਨੇ ਕੌਮੀ ਪੱਧਰ ’ਤੇ ਪੇਂਟਿੰਗ ’ਚ ਨਾਮ ਚਮਕਾਇਆ ਤੇ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਨਿਸ਼ੂ ਗਾਇਕੀ ’ਚ ਅੱਗੇ ਵਧ ਰਹੀ ਹੈ। ਫਰਵਾਹੀ ਸਕੂਲ ਦੀ ਸੋਨੀਆ ਦੇ ਪਿਤਾ ਰਾਜ ਮਿਸਤਰੀ ਹਨ ਤੇ ਆਮ ਘਰ ਨਾਲ ਸਬੰਧਤ ਹੋਣ ਦੇ ਬਾਵਜੂਦ ਆਪਣੀ ਮਿਹਨਤ ਸਦਕਾ ਸਾਇੰਸ ਗਰੁੱਪ ’ਚ ਮੱਲਾਂ ਮਾਰੀਆਂ ਹਨ। ਇਸ ਮੌਕੇ ਡੀਸੀ ਬੱਚਿਆਂ ਦੇ ਰੂਬਰੂ ਹੋਏ ਤੇ ਸੁਨਹਿਰੇ ਭਵਿਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਸਕੂਲ ਪ੍ਰਿੰਸੀਪਲਾਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਬਾਰ੍ਹਵੀਂ ’ਚ ਮੈਰਿਟ ਸੂਚੀ ਸਥਾਨ ਬਣਾਉਣ ਵਾਲੇ ਬੱਚਿਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੀ ਵਿਦਿਆਰਥਣ ਨਿਸ਼ਾ ਰਾਣੀ ਪੁੱਤਰੀ ਜਸਵੀਰ ਸਿੰਘ ਤੇ ਸੁਮਨਪ੍ਰੀਤ ਕੌਰ (500 ’ਚੋਂ 496 ਅੰਕ (99.20 ਫੀਸਦੀ) ਹਾਸਲ ਕਰਕੇ ਸੂਬੇ ’ਚੋਂ 5ਵਾਂ ਸਥਾਨ ਹਾਸਲ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਸ਼ਹਿਣਾ ਦੀ ਵਿਦਿਆਰਥਣ ਤਨਵੀਰ ਕੌਰ ਪੁਤਰੀ ਕਰਮਜੀਤ ਸਿੰਘ ਤੇ ਪਰਮਜੀਤ ਕੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਦੇ ਦਿਵਿਆਜੋਤ ਸਿੰਘ ਕਲੇਰ ਪੁਤਰ ਚਮਕੌਰ ਸਿੰਘ ਤੇ ਇੰਦੂ ਸਿਮਕ (491-491 ਅੰਕ (98.20 ਫੀਸਦੀ) ਨਾਲ 10ਵਾਂ ਸਥਾਨ ਹਾਸਲ ਕੀਤਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੇ ਰਾਘਵ ਕੌਸ਼ਲ ਪੁੱਤਰ ਰਾਕੇਸ਼ ਕੁਮਾਰ ਤੇ ਰਮਨਦੀਪ ਕੌਰ (488 ਅੰਕ (97.60 ਫੀਸਦੀ) ਨੇ 13ਵਾਂ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸ਼ਹਿਣਾ ਦੀ ਜਸਮੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਤੇ ਪਰਦੀਪ ਕੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ ਦੀ ਮਹਿਕਪ੍ਰੀਤ ਕੌਰ ਪੁੱਤਰੀ ਗੁਰਤੇਜ ਸਿੰਘ, ਪਰਮਜੀਤ ਕੌਰ (486-486 ਅੰਕ (97.20 ਫੀਸਦੀ) ਲੈ ਕੇ 15ਵਾਂ ਸਥਾਨ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਦੌੜ ਦੀਆਂ ਨਿਸ਼ੂ ਪੁੱਤਰੀ ਮੇਜਰ ਖਾਨ ਤੇ ਸਿਮਰਜੀਤ ਕੌਰ ਤੇ ਰਿਪਨਪ੍ਰੀਤ ਕੌਰ ਪੁੱਤਰੀ ਗੁਰਜੰਟ ਸਿੰਘ ਤੇ ਪੁਸ਼ਪਿੰਦਰ ਕੌਰ (ਦੋਵੇਂ 485-485 (97 ਫੀਸਦੀ) ਅੰਕ ਨਾਲ 16ਵੇਂ ਨੰਬਰ ’ਤੇ ਰਹੀਆਂ) ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੀ ਸੋਨੀਆ ਕੌਰ ਪੁੱਤਰੀ ਜਗਸੀਰ ਸਿੰਘ ਤੇ ਵੀਰਪਾਲ ਕੌਰ (484 ਅੰਕ (96.80 ਫੀਸਦੀ) ਰੈਂਕ 16ਵਾਂ) ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ 10ਵੀਂ ਦੀ ਮੈਰਿਟ ਸੂਚੀ ’ਚ ਆਉਣ ਵਾਲੀ ਸਕੂਲ ਆਫ ਐਮੀਨੈਂਸ ਬਰਨਾਲਾ ਦੀ ਵਿਦਿਆਰਥਣ ਅੰਜਲੀ ਪੁੱਤਰੀ ਰਾਜਪਾਲ ਸਿੰਘ (97.38 ਫੀਸਦੀ ਅੰਕ, 12ਵਾਂ ਰੈਂਕ) ਤੇ ਸਰਵਹਿੱਤਕਾਰੀ ਬਰਨਾਲਾ ਦੀ ਨੀਤਿਕਾ ਪੁੱਤਰੀ ਪ੍ਰਮੋਦ ਕੁਮਾਰ (96.61 ਫੀਸਦੀ, ਰੈਂਕ 15ਵਾਂ) ਦਾ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਨੇ ਸਕੂਲ ਮੁਖੀ ਸੁਖਪੁਰਾ ਰਾਕੇਸ਼ ਕੁਮਾਰ, ਸਕੂਲ ਇੰਚਾਰਜ ਮੌੜਾ ਪ੍ਰਵੀਨ ਕੁਮਾਰੀ, ਪ੍ਰਿੰਸੀਪਲ ਰਾਜੇਸ਼ ਕੁਮਾਰ, ਪ੍ਰਿੰਸੀਪਲ ਵਸੁੰਧਰਾ ਕਪਿਲਾ ਭਦੌੜ (ਲੜਕੀਆਂ), ਪ੍ਰਿੰਸੀਪਲ ਨਿਦਾ ਅਲਤਾਫ਼ ਪੀਐਮ ਸ਼੍ਰੀ ਫਰਵਾਹੀ, ਪ੍ਰਿੰਸੀਪਲ ਵਿਨਸੀ ਜਿੰਦਲ ਬਰਨਾਲਾ (ਕੰਨਿਆ), ਸਕੂਲ ਮੁਖੀ ਸ਼ਹਿਣਾ (ਕੰਨਿਆ) ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਦਿੱਤੀ। ਇਸ ਮੌਕੇ ਡੀਆਰਸੀ ਕਮਲਦੀਪ, ਡੀਐੱਸਐੱਮ ਕੁਲਦੀਪ ਸਿੰਘ ਕਮਲ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਤੇ ਅਕਾਦਮਿਕ ਸਪੋਰਟਸ ਗਰੁੱਪ ਦੇ ਮੈਂਬਰ ਵੀ ਮੌਜੂਦ ਸਨ।

About The Author