ਮਰਦਮਸ਼ੁਮਾਰੀ: ਵਧੀਆ ਸੇਵਾਵਾਂ ਨਿਭਾਉਣ ਵਾਲੇ ਗਿਣਤੀਕਾਰਾਂ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ: ਡੀਸੀ ਬਰਨਾਲਾ

PrimekhabarPunjab DC

ਬਰਨਾਲਾ, 14 ਮਈ (ਰਾਕੇਸ਼ ਜੇਠੀ): ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਤਹਿਤ ਭਲਕੇ 15 ਮਈ ਤੋਂ 13 ਜੂਨ 2026 ਤਕ ਘਰ-ਘਰ ਜਾ ਕੇ ਘਰਾਂ ਦਾ ਸੂਚੀਕਰਨ ਕੀਤਾ ਜਾਣਾ ਹੈ। ਜਨਗਣਨਾ ਦਾ ਇਹ ਕਾਰਜ ਤਨਦੇਹੀ ਨਾਲ ਨੇਪਰੇ ਚਾੜਿਆ ਜਾਵੇ। ਜਨਗਣਨਾ ਦੇ ਕਾਰਜ ਲਈ ਵਧੀਆ ਸੇਵਾਵਾਂ ਦੇਣ ਵਾਲੇ ਗਿਣਤੀਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡੀਸੀ ਸਹਿਤ ਪ੍ਰਮੁਖ ਜਨਗਣਨਾ ਅਫ਼ਸਰ ਹਰਪ੍ਰੀਤ ਸਿੰਘ ਆਈਏਐੱਸ ਨੇ ਵੀਰਵਾਰ ਨੂੰ ਇਥੇ ਜ਼ਿਲ੍ਹਾ ਪ੍ਰਬੰਧਕੀ ਦੇ ਮੀਟਿੰਗ ਹਾਲ ’ਚ ਜਨਗਣਨਾ ਸਬੰਧੀ ਚਾਰਜ ਅਫ਼ਸਰਾਂ ਨਾਲ ਅਹਿਮ ਮੀਟਿੰਗ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਜਿਥੇ ਚਾਰਜ ਅਫ਼ਸਰਾਂ ਤੋਂ ਭਲਕੇ ਤੋਂ ਸ਼ੁਰੂ ਹੋਣ ਵਾਲੇ ਘਰਾਂ ਦੇ ਸੂਚੀਕਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉੱਥੇ ਕਿਹਾ ਕਿ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਗਿਣਤੀਕਾਰਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨ ਕੀਤਾ ਜਾਵੇਗਾ ਤੇ ਬੇਹਤਰੀਨ ਸੇਵਾਵਾਂ ਨਿਭਾਉਣ ਵਾਲੇ ਗਿਣਤੀਕਾਰਾਂ ਦਾ ਆਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਸ ਕਾਰਜ ਲਈ 1200 ਤੋਂ ਵੱਧ ਗਿਣਤੀਕਾਰ ਸਣੇ ਰਾਖਵਾਂ ਸਟਾਫ਼ ਤਾਇਨਾਤ ਕੀਤੇ ਗਏ ਹਨ ਤੇ 6 ਗਿਣਤੀਕਾਰਾਂ ਲਈ ਇਕ ਸੁਪਰਵਾਈਜ਼ਰ ਲਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਗਿਣਤੀਕਾਰਾਂ ਨੂੰ ਮੁਕੰਮਲ ਕਿੱਟਾਂ ਮੁਹਈਆ ਜਾ ਚੁੱਕੀਆਂ ਹਨ। ਉਨ੍ਹਾਂ ਸਮੂਹ ਅਮਲੇ ਨੂੰ ਤਨਦੇਹੀ ਨਾਲ ਤੇ ਸਮਾਂਬੱਧ ਤਰੀਕੇ ਨਾਲ ਜਨਗਣਨਾ ਦੇ ਪਹਿਲੇ ਪੜਾਅ ਦਾ ਕਾਰਜ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਮਕਾਨ ਸੂਚੀਕਰਨ ਤੇ ਰਿਹਾਇਸ਼ੀ ਜਨਗਣਨਾ ਲਈ 33 ਪ੍ਰਸ਼ਨ ਪੁੱਛੇ ਜਾਣਗੇ। ਜਿਨ੍ਹਾਂ ’ਚ ਇਮਾਰਤ ਨੰਬਰ (ਨਗਰਪਾਲਿਕਾ ਜਾਂ ਸਥਾਨਕ ਅਥਾਰਟੀ ਜਾਂ ਜਨਗਣਨਾ ਨੰਬਰ), ਮਕਾਨ ਨੰਬਰ, ਮਕਾਨ ਦੇ ਫਰਸ਼ ਦੀ ਮੁਖ ਸਮੱਗਰੀ, ਪਰਿਵਾਰ ’ਚ ਆਮ ਤੌਰ ’ਤੇ ਰਹਿਣ ਵਾਲੇ ਵਿਅਕਤੀਆਂ ਦੀ ਕੁਲ ਗਿਣਤੀ, ਮੋਬਾਈਲ ਨੰਬਰ ਆਦਿ ਸ਼ਾਮਲ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ, ਖੋਜ ਅਫ਼ਸਰ ਸਹਿਤ ਵਧੀਕ ਜ਼ਿਲ੍ਹਾ ਜਨਗਣਨਾ ਅਫ਼ਸਰ (ਉੱਪ ਅਰਥ ਤੇ ਅੰਕੜਾ ਸਲਾਹਕਾਰ) ਚਰਨਜੀਤ ਕੌਰ, ਇੰਚਾਰਜ ਜਨਗਣਨਾ ਸੈੱਲ ਹਰਜੀਤ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।

About The Author