ਕਲੱਬ ਵੱਲੋਂ “ਡਿਸਟ੍ਰਿਕਟ ਚੈੱਸ ਚੈਂਪੀਅਨਸ਼ਿਪ 2026” ਸਫਲਤਾ ਪੂਰਵਕ ਕਰਵਾਈ ਗਈ

PrimeKhabarPunjab Chess

ਬਰਨਾਲਾ, 10 ਮਈ (ਰਾਕੇਸ਼ ਜੇਠੀ) : ਡਿਸਟ੍ਰਿਕਟ ਚੈੱਸ ਐਸੋਸੀਏਸ਼ਨ ਬਰਨਾਲਾ ਵੱਲੋਂ ਬਰਨਾਲਾ ਕਲੱਬ ਵਿੱਚ “ਡਿਸਟ੍ਰਿਕਟ ਚੈੱਸ ਚੈਂਪੀਅਨਸ਼ਿਪ 2026” ਸਫਲਤਾਪੂਰਵਕ ਕਰਵਾਈ ਗਈ। ਇਸ ਟੂਰਨਾਮੈਂਟ ਵਿੱਚ ਅੰਡਰ-9, ਅੰਡਰ-13, ਅੰਡਰ-17 ਅਤੇ ਓਪਨ ਕੈਟੇਗਰੀ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੇ ਮੁੱਖ ਆਯੋਜਕ ਅਤੇ ਡਿਸਟ੍ਰਿਕਟ ਚੈੱਸ ਐਸੋਸੀਏਸ਼ਨ ਬਰਨਾਲਾ ਦੇ ਸਕੱਤਰ ਸ੍ਰੀ ਰਾਹੁਲ ਜਿੰਦਲ ਵੱਲੋਂ ਸਮੂਹ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਗਿਆ।

ਇਸ ਮੌਕੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਮੀਤ ਹੇਅਰ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦੇ ਨਾਲ ਓਐਸਡੀ ਹਸਨਪ੍ਰੀਤ, ਬਰਨਾਲਾ ਕਲੱਬ ਦੇ ਸਕੱਤਰ ਸ੍ਰੀ ਇਸ਼ਵਿੰਦਰ ਸਿੰਘ ਜੰਡੂ, ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮਾਨਾ ਅਤੇ ਡਿਸਟ੍ਰਿਕਟ ਚੈੱਸ ਐਸੋਸੀਏਸ਼ਨ ਦੇ ਚੀਫ ਪੈਟਰਨ ਸ੍ਰੀ ਬਲਵਿੰਦਰ ਮਿੱਠਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਸ੍ਰੀ ਮੀਤ ਹੇਅਰ ਨੇ ਡਿਸਟ੍ਰਿਕਟ ਚੈੱਸ ਐਸੋਸੀਏਸ਼ਨ ਬਰਨਾਲਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਚੈੱਸ ਵਰਗੀਆਂ ਬੌਧਿਕ ਖੇਡਾਂ ਬੱਚਿਆਂ ਦੀ ਸੋਚਣ ਸਮਝਣ ਦੀ ਸਮਰੱਥਾ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਇਸ ਤਰ੍ਹਾਂ ਦੇ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਵੱਡਾ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਐਸੋਸੀਏਸ਼ਨ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਲਈ ਪ੍ਰੇਰਿਤ ਕੀਤਾ।

ਟੂਰਨਾਮੈਂਟ ਦੌਰਾਨ ਅੰਡਰ-9 ਵਰਗ ਵਿੱਚ ਮਾਧਵ ਗਰਗ ਨੇ ਪਹਿਲਾ, ਰਿਤਾਂਸ਼ ਸਿੰਗਲਾ ਨੇ ਦੂਜਾ ਅਤੇ ਧਾਵਿਤ ਗੋਯਲ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-13 ਵਰਗ ਵਿੱਚ ਦੈਵਿਕ ਜਿੰਦਲ ਪਹਿਲੇ, ਪਾਵਨਪ੍ਰੀਤ ਇੰਦਰ ਸਿੰਘ ਦੂਜੇ ਅਤੇ ਹਰਸ਼ ਜਿੰਦਲ ਤੀਜੇ ਸਥਾਨ ’ਤੇ ਰਹੇ। ਅੰਡਰ-17 ਵਰਗ ਵਿੱਚ ਵਰਮਾ ਪ੍ਰਿੰਸ ਨੇ ਪਹਿਲਾ ਅਤੇ ਮਾਣਿਕ ਗੋਯਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਓਪਨ ਵਰਗ ਵਿੱਚ ਸ਼ਿਵਾਂਗ ਨੇ ਪਹਿਲਾ ਅਤੇ ਗੋਪੇਸ਼ ਗੋਯਲ ਨੇ ਦੂਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਸ਼੍ਰੀ ਨੀਲਕੰਠ, ਮੋਹਿਤ ਬੰਸਲ, ਅਕਸ਼ੇ, ਸਨਮੀਤ ਕੁਮਾਰ, ਜਸਪ੍ਰੀਤਮ, ਸਵੀਟੀ, ਕੀਰਤੀ ਅਤੇ ਨੀਰਜ ਮੰਗਲਾ ਵੀ ਹਾਜ਼ਰ ਰਹੇ। ਸਮਾਗਮ ਦੇ ਅੰਤ ਵਿੱਚ ਡਿਸਟ੍ਰਿਕਟ ਚੈੱਸ ਐਸੋਸੀਏਸ਼ਨ ਬਰਨਾਲਾ ਵੱਲੋਂ ਸਾਰੇ ਮਹਿਮਾਨਾਂ, ਖਿਡਾਰੀਆਂ, ਮਾਪਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।

About The Author