ਪੰਜਾਬ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ ਸ਼ਹਿਣਾ ਵਿਖੇ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸਮਾਗਮ; ਕਰਮਚਾਰੀਆਂ ਦਾ ਕੀਤਾ ਸਨਮਾਨ

IMG-20260430-WA0015.jpg

ਸ਼ਹਿਣਾ, 30 ਅਪ੍ਰੈਲ (ਰਾਕੇਸ਼ ਜੇਠੀ): ਪੰਜਾਬ ਦੇ ਪ੍ਰਮੁਖ ਮੈਡੀਕਲ ਸਿੱਖਿਆ ਕੇਂਦਰ ਪੰਜਾਬ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ ਸ਼ਹਿਣਾ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬੜੇ ਸਤਿਕਾਰ ਉਤਸ਼ਾਹ ਤੇ ਮਾਣ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸੰਸਥਾ ਦੀ ਤਰੱਕੀ ’ਚ ਅਹਿਮ ਯੋਗਦਾਨ ਪਾਉਣ ਵਾਲੇ ਕਰਮਚਾਰੀਆਂ ਦੀ ਵਫ਼ਾਦਾਰੀ, ਸਮਰਪਣ ਤੇ ਨਿਰੰਤਰ ਸਖ਼ਤ ਮਿਹਨਤ ਨੂੰ ਵਿਸ਼ੇਸ਼ ਤੌਰ `ਤੇ ਮਾਨਤਾ ਦਿੱਤੀ ਗਈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੰਸਥਾ ਦੇ ਚੇਅਰਮੈਨ ਡਾ. ਪਵਨ ਧੀਰ ਨੈਸ਼ਨਲ ਐਵਾਰਡੀ ਨੇ ਆਪਣੇ ਸੰਬੋਧਨ ’ਚ ਸਖ਼ਤ ਮਿਹਨਤ ਦੀ ਮਹੱਤਤਾ ਤੇ ਕਿਰਤ ਦੀ ਸ਼ਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਿਸੇ ਵੀ ਅਦਾਰੇ ਦੀ ਸਫ਼ਲਤਾ ਦੀ ਇਮਾਰਤ ਉਸ ਦੇ ਕਰਮਚਾਰੀਆਂ ਦੀ ਮਿਹਨਤ ਦੀ ਨੀਂਹ `ਤੇ ਟਿਕੀ ਹੁੰਦੀ ਹੈ। ਡਾ. ਧੀਰ ਨੇ ਵਿਸ਼ੇਸ਼ ਤੌਰ `ਤੇ ਸਹਾਇਕ ਸਟਾਫ਼ ਜਿਵੇਂ ਕਿ ਸਫ਼ਾਈ ਸੇਵਕਾਂ, ਸਹਾਇਕਾਂ ਤੇ ਸੁਰੱਖਿਆ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਲੋਕ ਸੰਸਥਾ ਦਾ ਅਨਿੱਖੜਵਾਂ ਅੰਗ ਹਨ ਤੇ ਇਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕਾਰਜ ਮੁਕੰਮਲ ਨਹੀਂ ਹੋ ਸਕਦਾ। ਇਸ ਮੌਕੇ ਡਾਕਟਰ ਵਿਵੇਕ ਧੀਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਰਮਚਾਰੀਆਂ ਪ੍ਰਤੀ ਆਪਣਾ ਸਤਿਕਾਰ ਤੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਹਰ ਕਰਮਚਾਰੀ ਚਾਹੇ ਉਹ ਕਿਸੇ ਵੀ ਅਹੁਦੇ `ਤੇ ਹੋਵੇ। ਸੰਸਥਾ ਦੀ ਸੇਵਾ ’ਚ ਬਰਾਬਰ ਦਾ ਯੋਗਦਾਨ ਪਾਉਂਦਾ ਹੈ। ਪ੍ਰੋਗਰਾਮ ਦੌਰਾਨ ਵੱਖ-ਵੱਖ ਗਤੀਵਿਧੀਆਂ ਰਾਹੀਂ ਸਟਾਫ਼ ਦੇ ਕੰਮ ਨੂੰ ਯਾਦ ਕੀਤਾ ਗਿਆ। ਸਮਾਗਮ ਦੇ ਅਖੀਰ ’ਚ ਪ੍ਰਬੰਧਕੀ ਕਮੇਟੀ ਵਲੋਂ ਸਹਾਇਕ ਸਟਾਫ਼ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜਿਸ ਨਾਲ ਕਰਮਚਾਰੀਆਂ ਦੇ ਚਿਹਰਿਆਂ `ਤੇ ਖ਼ੁਸ਼ੀ ਤੇ ਮਾਣ ਦੀ ਝਲਕ ਸਾਫ਼ ਦਿਖਾਈ ਦਿੱਤੀ। ਇਹ ਸਮਾਗਮ ਸਮੁੱਚੇ ਸਟਾਫ਼ ’ਚ ਏਕਤਾ, ਆਪਸੀ ਸਤਿਕਾਰ ਤੇ ਸ਼ੁਕਰਗੁਜ਼ਾਰੀ ਦਾ ਸੰਦੇਸ਼ ਦਿੰਦਿਆਂ ਸਮਾਪਤ ਹੋਇਆ। ਇਸ ਦਿਨ ਨੇ ਜਿਥੇ ਕਰਮਚਾਰੀਆਂ ਦੇ ਮਨੋਬਲ ਨੂੰ ਉੱਚਾ ਚੁੱਕਿਆ। ਉੱਥੇ ਹੀ ਹਾਜ਼ਰ ਸਾਰਿਆਂ ਨੂੰ ਆਪਣੀ ਡਿਊਟੀ ਪ੍ਰਤੀ ਹੋਰ ਵਧੇਰੇ ਤਤਪਰ ਹੋਣ ਲਈ ਪ੍ਰੇਰਿਤ ਕੀਤਾ। ਸੰਸਥਾ ਵਲੋਂ ਕੀਤੀ ਗਈ ਇਸ ਪਹਿਲਕਦਮੀ ਦੀ ਇਲਾਕੇ ਭਰ ’ਚ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

About The Author