ਧਨੌਲਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝੀ: ਤਿੰਨ ਗ੍ਰਿਫਤਾਰ
ਬਰਨਾਲਾ, 24 ਅਪ੍ਰੈਲ (ਰਾਕੇਸ਼ ਜੇਠੀ): ਕਸਬਾ ਧਨੌਲਾ ਵਿਖੇ ਤਕਰੀਬਨ ਪੰਜ ਮਹੀਨੇ ਪਹਿਲਾਂ ਹੋਏ ਇਕ ਵਿਅਕਤੀ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਬਰਨਾਲਾ ਪੁਲਿਸ ਨੇ ਤਿੰਨ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮ੍ਰਿਤਕ ਤੇ ਕਾਤਲ ਤਾਏ-ਚਾਚੇ ਦੇ ਲੜਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਕਪਤਾਨ ਪੁਲਿਸ ਸਤਵੀਰ ਸਿੰਘ ਨੇ ਦੱਸਿਆ ਕਿ ਬੀਤੇ ਵਰ੍ਹੇ ਨਵੰਬਰ ਪੰਜ ਨੂੰ ਧਨੌਲਾ ਨੇੜਿਓਂ ਲੰਘਦੇ ਹਾਈਵੇ ਨੇ ਕਿਨਾਰੇ ਇਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਪੁਲਿਸ ਵਲੋਂ ਮੌਕੇ ’ਤੇ ਕੀਤੀ ਗਈ ਸਨਾਖ਼ਤ ਤੋਂ ਮ੍ਰਿਤਕ ਦੀ ਪਹਿਚਾਣ ਹਰਜਿੰਦਰ ਸਿੰਘ ਕਾਲਾ (45) ਵਾਸੀ ਧਨੌਲਾ ਵਜੋਂ ਹੋਈ ਸੀ। ਜਿਸ ਦੀ ਲਾਸ਼ ਨੂੰ ਕਬਜੇ ’ਚ ਲੈ ਕੇ ਪੁਲਿਸ ਨੇ ਮ੍ਰਿਤਕਾਂ ਦੇ ਵਾਰਸਾਂ ’ਤੇ ਜਾਂਚ ਆਰੰਭ ਕੀਤੀ ਜਾ ਰਹੀ ਸੀ। ਜਿਸ ਦੀ ਪੜਤਾਲ ਦੌਰਾਨ ਪੁਲਿਸ ਨੇ ਮਿਲੇ ਸੁਰਾਖਾਂ ਤੇ ਮ੍ਰਿਤਕ ਦੇ ਪਰਿਵਾਰਕ ਵਲੋਂ ਦਿੱਤੇ ਗਏ ਸਬੂਤਾਂ ਦੇ ਅਧਾਰ ’ਤੇ ਗੰਭੀਰਤਾ ਨਾਲ ਕੰਮ ਕੀਤਾ ਤਾਂ ਮਾਮਲਾ ਸਾਫ਼ ਹੋ ਗਿਆ। ਜਿਸ ’ਚ ਪੁਲਿਸ ਨੇ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਹੜੇ ਮ੍ਰਿਤਕ ਦੇ ਤਾਏ-ਚਾਚੇ ਦੇ ਹੀ ਲੜਕੇ ਹੀ ਹਨ ਤੇ ਇੰਨਾ ਦਾ ਆਪਸ ’ਚ ਜ਼ਮੀਨ ਤੇ ਪੈਸਿਆਂ ਦੇ ਲੈਣ-ਦੇਣ ਨੂੰ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਕਾਲਾ ਦੇ ਕਤਲ ਦੇ ਦੋਸ਼ ’ਚ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਤੇ ਹਰਵਿੰਦਰ ਸਿੰਘ ਵਾਸੀਆਨ ਧਨੌਲਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਰਿਮਾਂਡ ’ਤੇ ਲਿਆ ਗਿਆ ਹੈ। ਜਿਸ ਦੇ ਤਹਿਤ ਦੋਸ਼ੀਆਂ ਪਾਸੋਂ ਹੋਰ ਪੁਛਗਿੱਛ ਤੇ ਵਾਰਦਾਤ ਲਈ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾਣਗੇ।
