ਬਰਨਾਲਾ-ਸੇਖਾ ਰੇਲਵੇ ਲਾਈਨ `ਤੇ ਨੌਜਵਾਨ ਦੀ ਮਿਲੀ ਲਾਸ਼, ਮੂੰਹ ਕੁਚਲਿਆ ਹੋਣ ਕਾਰਨ ਪਛਾਣ ਕਰਨਾ ਬਣੀ ਚੁਣੌਤੀ

ਬਰਨਾਲਾ, 24 ਅਪ੍ਰੈਲ (ਰਾਕੇਸ਼ ਜੇਠੀ): ਬਰਨਾਲਾ ਰੇਲਵੇ ਸਟੇਸ਼ਨ ਤੇ ਸੇਖਾ ਰੇਲਵੇ ਸਟੇਸ਼ਨ ਦੇ ਵਿਚਕਾਰ ਰੇਲਵੇ ਲਾਈਨ ਤੋਂ ਅੱਜ ਸਵੇਰੇ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਟ੍ਰੇਨ ਦੀ ਲਪੇਟ ’ਚ ਆਉਣ ਕਾਰਨ ਮ੍ਰਿਤਕ ਦਾ ਮੂੰਹ ਬੁਰੀ ਤਰ੍ਹਾਂ ਕੁਚਲਿਆ ਗਿਆ ਹੈ। ਜਿਸ ਕਾਰਨ ਉਸ ਦੀ ਪਛਾਣ ਕਰਨ ’ਚ ਪੁਲਿਸ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀਆਰਪੀ ਪੁਲਿਸ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਸੁਖਪਾਲ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਕਰੀਬ ਪੌਣੇ ਸੱਤ ਵਜੇ ਸਟੇਸ਼ਨ ਮਾਸਟਰ ਵਲੋਂ ਸੂਚਨਾ ਮਿਲੀ ਸੀ। ਸੂਚਨਾ ਮੁਤਾਬਕ ਬਰਨਾਲਾ-ਸੇਖਾ ਰੇਲਵੇ ਲਾਈਨ ਦੇ ਕਿਲੋਮੀਟਰ ਨੰਬਰ 8\10-12 ਦੇ ਕੋਲ ਇਕ ਨੌਜਵਾਨ ਦੀ ਲਾਸ਼ ਪਈ ਸੀ। ਸੂਚਨਾ ਮਿਲਦੇ ਹੀ ਏਐਸਆਈ ਹਰਵਿੰਦਰ ਸਿੰਘ ਤੇ ਹੌਲਦਾਰ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਤੁਰੰਤ ਮੌਕੇ `ਤੇ ਪਹੁੰਚੀ ਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਪੁਲਿਸ ਅਨੁਸਾਰ ਨੌਜਵਾਨ ਦਾ ਚਿਹਰਾ ਟ੍ਰੇਨ ਥੱਲੇ ਆਉਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਮ੍ਰਿਤਕ ਨੇ ਭੂਰੇ ਰੰਗ ਦੀ ਸ਼ਰਟ, ਕਾਲੀ ਬੁਨੈਣ ਤੇ ਨੀਲੇ ਰੰਗ ਦਾ ਲੋਅਰ ਪਾਇਆ ਹੋਇਆ ਹੈ। ਲਾਸ਼ ਨੂੰ ਪਛਾਣ ਲਈ ਅਗਲੇ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾ ਘਰ ’ਚ ਰਖਵਾ ਦਿੱਤਾ ਗਿਆ ਹੈ। ਪੁਲਿਸ ਵਲੋਂ ਆਸਪਾਸ ਦੇ ਇਲਾਕਿਆਂ ਤੇ ਥਾਣਿਆਂ ’ਚ ਨੌਜਵਾਨ ਦੇ ਪਹਿਰਾਵੇ ਦੇ ਆਧਾਰ `ਤੇ ਸੂਚਨਾ ਭੇਜ ਦਿੱਤੀ ਗਈ ਹੈ। ਸਬ-ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ਨਾਖਤ ਹੋਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਤੇ ਪੋਸਟਮਾਰਟਮ ਦੀ ਪ੍ਰਕਿਰਿਆ ਅਮਲ ’ਚ ਲਿਆਂਦੀ ਜਾਵੇਗੀ। ਪੁਲਿਸ ਵਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਇਸ ਪਹਿਰਾਵੇ ਵਾਲੇ ਨੌਜਵਾਨ ਬਾਰੇ ਜਾਣਦਾ ਹੈ ਤਾਂ ਤੁਰੰਤ ਜੀਆਰਪੀ ਬਰਨਾਲਾ ਨਾਲ ਸੰਪਰਕ ਕਰੇ।

About The Author