ਮਹਿਲਾ ਆਰਕਸ਼ਣ ਬਿਲ ਦੇ ਵਿਰੋਧ ‘ਤੇ ਬੀਜੇਪੀ ਦੀ ਤਿੱਖੀ ਪ੍ਰਤੀਕ੍ਰਿਆ, ਪੰਜਾਬ ਸਰਕਾਰ ‘ਤੇ ਵੀ ਬਰਸੇ ਕੇਵਲ ਸਿੰਘ ਢਿੱਲੋਂ

ਬਰਨਾਲਾ, 22 ਅਪ੍ਰੈਲ-(ਰਾਕੇਸ਼ ਜੇਠੀ)- ਅੱਜ ਦੁਪਹਿਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਲੋਕ ਸਭਾ ਵਿੱਚ ਮਹਿਲਾ ਆਰਕਸ਼ਣ ਬਿਲ ਦੇ ਵਿਰੋਧ ਨੂੰ ਲੈ ਕੇ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕੀਤਾ ਗਿਆ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਰਵੱਈਏ ਦੀ ਕੜੀ ਨਿੰਦਾ ਕਰਦਿਆਂ ਕਿਹਾ ਕਿ ਇਹ ਔਰਤਾਂ ਦੇ ਹੱਕਾਂ ਪ੍ਰਤੀ ਉਨ੍ਹਾਂ ਦੀ ਨਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾਵਾਂ ਨੂੰ ਰਾਜਨੀਤੀ ਵਿੱਚ 33 ਫੀਸਦੀ ਰਾਖਵਾਂ ਦੇਣ ਦੀ ਪਹਲ ਕਰਕੇ ਇੱਕ ਇਤਿਹਾਸਕ ਕਦਮ ਚੁੱਕਿਆ ਸੀ, ਜਿਸ ਨਾਲ ਦੇਸ਼ ਦੀ ਲੋਕਤੰਤਰਕ ਪ੍ਰਣਾਲੀ ਹੋਰ ਮਜ਼ਬੂਤ ਹੋ ਸਕਦੀ ਸੀ। ਪਰੰਤੂ ਵਿਰੋਧੀ ਧਿਰ ਵੱਲੋਂ ਇਸਦਾ ਵਿਰੋਧ ਕਰਨਾ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਮਹਿਲਾਵਾਂ ਹੁਣ ਇਹਨਾਂ ਪਾਰਟੀਆਂ ਦਾ ਅਸਲੀ ਚਿਹਰਾ ਸਮਝ ਚੁੱਕੀਆਂ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਕਰਾਰਾ ਜਵਾਬ ਦੇਣਗੀਆਂ।
ਪੱਤਰਕਾਰਾਂ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਸਰਕਾਰ ਹਰ ਮੋਰਚੇ ‘ਤੇ ਨਾਕਾਮ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਸਰਕਾਰ ਅਸਫਲ ਰਹੀ ਹੈ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਕਰੈਡਿਟ ਖੁਦ ਲੈ ਰਹੀ ਹੈ।
ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਬਦਲਾਅ ਲਈ ਤਿਆਰ ਹੈ ਅਤੇ 2027 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪੂਰਨ ਬਹੁਮਤ ਦੇ ਕੇ ਸੂਬੇ ਵਿੱਚ ਸਰਕਾਰ ਬਣਾਏਗੀ।

ਇਸ ਮੌਕੇ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਦਿਆਂ ਉਨ੍ਹਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।ਉਸ ਮੌਕੇ ਉਨ੍ਹਾਂ ਨਾਲ ਹੰਡਾਇਆ ਬੀਜੇਪੀ ਮੰਡਲ ਪ੍ਰਧਾਨ ਅਖਿਲੇਸ਼ ਸ਼ਰਮਾ, ਸਾਬਕਾ ਪ੍ਰਧਾਨ ਨਗਰ ਪੰਚਾਇਤ ਹੰਡਿਆਇਆ ਅਸ਼ਵਨੀ ਕੁਮਾਰ ਸ਼ਰਮਾ, ਸੀਨੀਅਰ ਆਗੂ ਰਜਿੰਦਰ ਉੱਪਲ, ਨੰਦ ਲਾਲ, ਸੰਦੀਪ ਜੇਠੀ, ਪੁਨੀਤ ਕੁਮਾਰ ਤੋ ਇਲਾਵਾ ਬਰਨਾਲਾ ਦੇ ਹੋਰ ਬੀਜੇਪੀ ਆਗੂ ਵੀ ਹਾਜ਼ਰ ਸਨ।
