ਖੋਜ ਕਾਰਜਾਂ ’ਚ ਮਾਰੀ ਵੱਡੀ ਮੱਲ: ਪੰਜਾਬ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ ਸ਼ਹਿਣਾ ਦੇ ਡਾਇਰੈਕਟਰ ਡਾ. ਵਿਵੇਕ ਧੀਰ ਤੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਬਾਜਵਾ ਵਲੋਂ 5 ਅਕਾਦਮਿਕ ਪੁਸਤਕਾਂ ਰਿਲੀਜ਼

ਸ਼ਹਿਣਾ, 16 ਅਪ੍ਰੈਲ (ਰਾਕੇਸ਼ ਜੇਠੀ): ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਪੰਜਾਬ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ ਸ਼ਹਿਣਾ ਨੇ ਅਕਾਦਮਿਕ ਖੇਤਰ ’ਚ ਇਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਮ ਕਰ ਲਈ ਹੈ। ਸੰਸਥਾ ਦੇ ਡਾਇਰੈਕਟਰ ਡਾ. ਵਿਵੇਕ ਧੀਰ ਤੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਬਾਜਵਾ ਵਲੋਂ ਸਾਂਝੇ ਤੌਰ ’ਤੇ ਫਾਰਮੇਸੀ ਵਿਸ਼ੇ ਨਾਲ ਸਬੰਧਤ ਪੰਜ ਮਿਆਰੀ ਅਕਾਦਮਿਕ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਨੂੰ ਸੰਸਥਾ ਦੇ ਚੇਅਰਮੈਨ ਡਾ. ਪਵਨ ਕੁਮਾਰ ਧੀਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਖ਼ੁਸ਼ੀ ਦੇ ਮੌਕੇ ’ਤੇ ਸੰਸਥਾ ਦਾ ਸਮੁੱਚਾ ਸਟਾਫ਼ ਤੇ ਪ੍ਰਬੰਧਕ ਕਮੇਟੀ ਗਦ-ਗਦ ਨਜ਼ਰ ਆਈ। ਸਮਾਰੋਹ ’ਚ ਵਿਭਾਗ ਦੇ ਮੁਖੀ ਡਾ. ਕਮਲ ਗੋਇਲ ਤੋਂ ਇਲਾਵਾ ਡਾ. ਹਰਮਨਦੀਪ ਕੌਰ, ਆਰਕੇ ਬਾਂਸਲ, ਅਮਰਜੀਤ ਕੁਮਾਰ, ਰਮਨਦੀਪ ਕੌਰ, ਮੁਸਕਾਨ, ਸਿਮਰਨਜੀਤ ਕੌਰ, ਸੁਖਵਿੰਦਰ ਕੌਰ ਤੇ ਨੀਰਜ ਕੁਮਾਰ ਸਣੇ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸੰਸਥਾ ਦੇ ਮੈਨੇਜਮੈਂਟ ਨੇ ਦੋਵਾਂ ਲੇਖਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਤੇ ਅੱਗੇ ਤੋਂ ਵੀ ਅਜਿਹੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ।
—ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋਣਗੇ ਨਵੇਂ ਪ੍ਰਕਾਸ਼ਨ
ਡਾ. ਵਿਵੇਕ ਧੀਰ ਵਲੋਂ ਲਿਖੀਆਂ ਪੁਸਤਕਾਂ ’ਚ ਬੀ.ਫਾਰਮੇਸੀ ਪਹਿਲੇ ਤੇ ਪੰਜਵੇਂ ਸਮੈਸਟਰ ਲਈ ਫਾਰਮਾਕੋਲੋਜੀ ਤੇ ਐੱਮ.ਫਾਰਮੇਸੀ ਦੂਜੇ ਸਮੈਸਟਰ ਲਈ ਐਡਵਾਂਸਡ ਫਾਰਮਾਕੋਲੋਜੀ ਸ਼ਾਮਲ ਹਨ। ਜੋ ਫਾਰਮੇਸੀ ਦੀ ਉੱਚ ਸਿੱਖਿਆ ਲੈ ਰਹੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਣਗੀਆਂ। ਇਸੇ ਤਰ੍ਹਾਂ ਪ੍ਰਿੰਸੀਪਲ ਡਾ. ਬੀਐਸ ਬਾਜਵਾ ਨੇ ਬੀ.ਫਾਰਮੇਸੀ ਦੇ ਸੱਤਵੇਂ ਸਮੈਸਟਰ ਲਈ ਫਾਰਮੇਸੀ ਪ੍ਰੈਕਟਿਸ ਤੇ ਚੌਥੇ ਸਮੈਸਟਰ ਲਈ ਫਾਰਮਾਕੋਗਨੋਸੀ ਐਂਡ ਫਾਈਟੋਕੈਮਿਸਟਰੀ ਵਿਸ਼ਿਆਂ ’ਤੇ ਪੁਸਤਕਾਂ ਤਿਆਰ ਕੀਤੀਆਂ ਹਨ। ਇਹ ਪੁਸਤਕਾਂ ਪ੍ਰਸਿੱਧ ਠਾਕੁਰ ਪਬਲੀਕੇਸ਼ਨ ਜਲੰਧਰ ਤੇ ਸ਼ਾਸ਼ਵਤ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
—ਖੋਜ ਤੇ ਅਕਾਦਮਿਕ ਲੇਖਣੀ ਦੀ ਮਹੱਤਤਾ `ਤੇ ਜ਼ੋਰ
ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਆਪਣੇ ਅਨੁਭਵ ਸਾਂਝੇ ਕਰਦਿਆਂ ਲੇਖਕ ਡਾ. ਵਿਵੇਕ ਧੀਰ ਤੇ ਡਾ. ਬੀਐਸ ਬਾਜਵਾ ਨੇ ਕਿਹਾ ਕਿ ਅੱਜ ਦੇ ਦੌਰ ’ਚ ਖੋਜ ਤੇ ਅਕਾਦਮਿਕ ਲੇਖਣੀ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਸਤਕਾਂ ਦਾ ਮੁਖ ਮਕਸਦ ਵਿਦਿਆਰਥੀਆਂ ਨੂੰ ਗੁੰਝਲਦਾਰ ਵਿਸ਼ਿਆਂ ਬਾਰੇ ਸਰਲ ਤੇ ਮਿਆਰੀ ਸਮੱਗਰੀ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ’ਚ ਮੋਹਰੀ ਰਹਿ ਸਕਣ। ਚੇਅਰਮੈਨ ਡਾ. ਪਵਨ ਕੁਮਾਰ ਧੀਰ ਨੇ ਲੇਖਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਕਾਦਮਿਕ ਯਤਨਾਂ ਨਾਲ ਨਾ ਸਿਰਫ਼ ਵਿਦਿਆਰਥੀਆਂ ਦਾ ਬਲਕਿ ਸੰਸਥਾ ਦਾ ਨਾਮ ਵੀ ਪੂਰੇ ਸੂਬੇ ’ਚ ਰੌਸ਼ਨ ਹੁੰਦਾ ਹੈ।
